ਬਠਿੰਡਾ – ਬਠਿੰਡਾ ਵਿਖੇ 15 ਤੋਂ 17 ਜਨਵਰੀ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ (ਲੜਕੀਆਂ) ਅੰਡਰ-14 ਵਿੱਚ ਸੂਬੇ ਦੇ ਸਮੂਹ ਜ਼ਿਲਿਆਂ ਵਿੱਚੋਂ ਕਰੀਬ 3200 ਖਿਡਾਰਣਾਂ ਭਾਗ ਲੈਣਗੀਆਂ ਜਦਕਿ ਇਨਾਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੇ ਸੂਬੇ ਵਿੱਚੋਂ 300 ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਸ਼ਾਨਦਾਰ ਉਦਘਾਟਨੀ ਸਮਾਰੋਹ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਖੇਡ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਦੀ ਅਗਵਾਈ ਵਿੱਚ ਖੇਡਾਂ ਦੀ ਮੇਜ਼ਬਾਨੀ ਲਈ ਬਠਿੰਡਾ ਪੂਰੀ ਤਰਾਂ ਤਿਆਰ ਹੈ। ਉਨਾਂ ਦੱਸਿਆ ਕਿ 15 ਜਨਵਰੀ ਨੂੰ ਸਵੇਰੇ 11:30 ਵਜੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਫ਼ਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਹਰਜੀਤ ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਖੇਡਾਂ ਦੀ ਸ਼ੁਰੂਆਤ ਕਰਨਗੇ। ਉਨਾਂ ਦੱਸਿਆ ਕਿ ਕੇਂਦਰੀ ਸਕੀਮ ‘ਖੇਲੋ ਇੰਡੀਆ’ ਅਧੀਨ ਉਭਰਦੇ ਨੌਜਵਾਨ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਨਾਂ ਨੂੰ ਵੱਖ-ਵੱਖ ਖੇਡ ਅਕਾਦਮੀਆਂ/ਖੇਡ ਵਿੰਗਾਂ ਲਈ ਤਰਾਸ਼ ਕੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਇਨਾਂ ਖੇਡਾਂ ਦੇ ਮੁਕਾਬਲੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਅਤੇ ਸਹੂਲਤਾਂ ਨਾਲ ਲੈਸ ਤਿੰਨ ਜ਼ਿਲਿਆਂ ਬਠਿੰਡਾ, ਐਸ.ਏ.ਐਸ. ਨਗਰ (ਮੋਹਾਲੀ) ਅਤੇ ਸੰਗਰੂਰ ਦੇ ਸਟੇਡੀਅਮਾਂ ਵਿਖੇ ਇੱਕੋ ਸਮੇਂ ਕਰਵਾਏ ਜਾਣਗੇ ਉਨਾਂ ਦੱਸਿਆ ਕਿ ਬਠਿੰਡਾ ਵਿਖੇ ਮੁੱਕੇਬਾਜ਼ੀ, ਬਾਸਕਿਟਬਾਲ, ਬੈਡਮਿੰਟਨ, ਕਬੱਡੀ, ਖੋ-ਖੋ, ਫ਼ੁਟਬਾਲ, ਹੈਂਡਬਾਲ, ਕੁਸ਼ਤੀ, ਜੂਡੋ, ਵਾਲੀਬਾਲ ਅਤੇ ਟੇਬਲ ਟੈਨਿਸ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਤੈਰਾਕੀ, ਹਾਕੀ ਅਤੇ ਜਿਮਨਾਸਟਿਕਸ ਦੇ ਮੁਕਾਬਲੇ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕਰਵਾਏ ਜਾਣਗੇ ਜਦਕਿ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਸੰਗਰੂਰ ਵਿਖੇ ਹੋਣਗੇ
ਉਨਾਂ ਦੱਸਿਆ ਕਿ ਖੇਡਾਂ ਦੇ ਸੁਚੱਜੇ ਪ੍ਰਬੰਧਾਂ ਅਤੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਗਠਤ ਕੀਤੀਆਂ ਵੱਖ-ਵੱਖ ਵਿਸ਼ੇਸ਼ ਕਮੇਟੀਆਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਪੁਨੀਤ ਵੱਲੋਂ ਨਿਰੰਤਰ ਮੀਟਿੰਗਾਂ ਕਰਕੇ ਖਿਡਾਰੀਆਂ ਦੀ ਖ਼ੁਰਾਕ, ਰਿਹਾਇਸ਼, ਸਿਹਤ ਸਹੂਲਤ, ਟਰਾਂਸਪੋਰਟ ਅਤੇ ਸੁਰੱਖਿਆ ਆਦਿ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਮੁਕਾਬਲਿਆਂ ਲਈ ਖੇਡ ਮੈਦਾਨ ਤਿਆਰ ਕਰ ਲਏ ਗਏ ਹਨ ਅਤੇ ਸਰਦੀਆਂ ਦੇ ਸਨਮੁਖ ਵੱਖ-ਵੱਖ ਸਕੂਲਾਂ ਵਿੱਚ ਖਿਡਾਰੀਆਂ ਲਈ ਆਰਾਮਦਾਇਕ ਰਿਹਾਇਸ਼ ਜਿਸ ਵਿੱਚ ਵਧੀਆ ਬਿਸਤਰੇ, ਸਿਹਤਮੰਦ ਭੋਜਨ ਅਤੇ ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ
ਜ਼ਿਲਾ ਪੱਧਰ ‘ਤੇ ਜੇਤੂ ਖਿਡਾਰਣਾਂ ਬਣਨਗੀਆਂ ਪੰਜਾਬ ਰਾਜ ਖੇਡਾਂ ਦੀ ਸ਼ਾਨ:
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਰਾਜ ਖੇਡਾਂ ਲਈ ਖਿਡਾਰਣਾਂ ਦੀ ਚੋਣ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਨਵੰਬਰ- 2018 ਦੌਰਾਨ ਕਰਵਾਏ ਗਏ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਕੀਤੀ ਗਈ ਸੀ। ਉਨਾਂ ਦੱਸਿਆ ਕਿ ਸੂਬੇ ਵਿੱਚ ਹੋਏ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਵੱਖ-ਵੱਖ ਉਮਰ ਵਰਗ ਵਿੱਚ 55,000 ਖਿਡਾਰੀਆਂ ਨੇ ਭਾਗ ਲਿਆ ਸੀ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਇਹ ਗਿਣਤੀ ਪਹਿਲਾਂ ਹੋਈਆਂ ਖੇਡਾਂ ਨਾਲੋਂ ਸਭ ਤੋਂ ਵੱਧ ਹੈ ਭਵਿੱਖ ਵਿੱਚ ਹੋਣ ਵਾਲੇ ਉੱਚ ਪੱਧਰੀ ਟੂਰਨਾਮੈਂਟਾਂ ਲਈ ਖਿਡਾਰੀਆਂ ਦੀ ਚੋਣ ਇਨਾਂ ਖੇਡਾਂ ਦੌਰਾਨ ਕੀਤੀ ਜਾਵੇਗੀ