ਮਿਸ਼ੀਗਨ – ਅਮਰੀਕਾ ‘ਚ ਇੱਕ ਭਾਰਤੀ ਇੰਜੀਨੀਅਰ ਦੀ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੀਤੀ 3 ਜਨਵਰੀ ਨੂੰ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਡੈਟ੍ਰਾਇਟ ‘ਚ ਇਹ ਘਟਨਾ ਵਾਪਰੀ। ਗੋਲੀ ਲੱਗਣ ਤੋਂ ਬਾਅਦ ਭਾਰਤੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਉਸਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਜ਼ਖ਼ਮੀ ਭਾਰਤੀ ਦੀ ਸ਼ਨਾਖ਼ਤ ਸਾਈਂ ਕ੍ਰਿਸ਼ਨਾ ਵਜੋਂ ਹੋਈ ਹੈ, ਜੋ ਭਾਰਤ ‘ਚ ਤੇਲੰਗਾਨਾ ਦਾ ਰਹਿਣ ਵਾਲਾ ਹੈ।
ਲੰਘੀ 3 ਜਨਵਰੀ ਦੀ ਅੱਧੀ ਰਾਤ ਜਦੋਂ ਕ੍ਰਿਸ਼ਨਾ ਕੰਮ ਤੋਂ ਵਾਪਸ ਘਰ ਆ ਰਹੇ ਸਨ ਤਾਂ ਕੁਝ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਕਾਰ, ਬਟੂਆ ਤੇ ਹੋਰ ਸਮਾਨ ਲੁੱਟਣ ਉਪਰੰਤ ਕ੍ਰਿਸ਼ਨਾ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਅੱਧੀ ਰਾਤ ਨੂੰ ਕਿਸੇ ਰਾਹਗੀਰ ਨੇ ਕ੍ਰਿਸ਼ਨਾ ਨੂੰ ਹਸਪਤਾਲ ਪਹੁੰਚਾਇਆ ਅਤੇ ਜਿਥੇ ਡਾਕਟਰਾਂ ਵੱਲੋਂ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਦੇ ਇਲਾਜ ਲਈ ਤਕਰੀਬਨ ਢਾਈ ਲੱਖ ਡਾਲਰ ਦਾ ਖ਼ਰਚਾ ਆਉਣਾ ਹੈ ਤੇ ਜਿਸ ਲਈ ਫ਼ੇਸਬੁੱਕ `ਤੇ ਪੇਜ ਬਣਾ ਕੇ ਸਹਾਇਤਾ ਮੰਗੀ ਜਾ ਰਹੀ ਹੈ ਤੇ ਹੁਣ ਤੱਕ ਫੇਸਬੁੱਕ ਰਾਹੀਂ ਲਗਭਗ ਸਵਾ ਲੱਖ ਡਾਲਰ ਦੀ ਮਦਦ ਮਿਲ ਵੀ ਚੁੱਕੀ ਹੈ।