ਜਲੰਧਰ — ਲੋਕ ਇਨਸਾਫ ਪਾਰਟੀ ਦੇ ਪੰਜਾਬ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਐਤਵਾਰ ਜਲੰਧਰ ਦੌਰੇ ਦੌਰਾਨ ਜਿੱਥੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਉਥੇ ਹੀ ਉਨ੍ਹਾਂ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਬਾਬਾ ਬਕਾਲਾ ‘ਚ ਸਿਆਸੀ ਕਾਨਫਰੰਸਾਂ ਕਰਨ ‘ਚ ਲੱਗੀਆਂ ਹਨ ਉਥੇ ਹੀ ਉਨ੍ਹਾਂ ਦੀ ਪਾਰਟੀ ਬਰਗਾੜੀ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ‘ਚ ਸਿੱਖ ਸੰਗਤ ‘ਤੇ ਚਲਾਈਆਂ ਗਈਆਂ ਗੋਲੀਆਂ ਦੇ ਵਿਰੋਧ ‘ਚ ਬਾਬਾ ਬਕਾਲਾ ‘ਚ ਲੋਕ ਇਨਸਾਫ ਪਾਰਟੀ ਇਕ ਪੈਦਲ ਰੋਸ ਮਾਰਚ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੂਰੀ ਦੂਨੀਆ ਦੇ ਸਿੱਖ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ ਉਥੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਇਨ੍ਹਾਂ ਦੋਸ਼ੀਆਂ ਨੂੰ ਬਚਾਉਂਦੀਆਂ ਆਈਆਂ ਹਨ।
ਬੈਂਸ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਲੋਕ ਇਨਸਾਫ ਪਾਰਟੀ ਜਾਂ ਖਹਿਰਾ ਬਾਰੇ ਜੋ ਕੁਝ ਵੀ ਬਿਆਨ ਦੇ ਰਹੇ ਹਨ ਉਹ ਲੋਕ ਸੀਰੀਅਸ ਨਹੀਂ ਲੈ ਰਹੇ। ਮਾਨ ਨੂੰ ਸੋਸ਼ਲ ਮੀਡੀਆ ‘ਤੇ ਜਾ ਕੇ ਆਪਣੇ ਬਿਆਨਾਂ ਦੇ ਹੇਠਾਂ ਲੋਕਾਂ ਦੇ ਆਏ ਕੁਮੈਂਟਸ ਪੜ੍ਹਨੇ ਚਾਹੀਦੇ ਹਨ। ਉਨ੍ਹਾਂ ਨੂੰ ਪਤਾ ਚਲ ਜਾਵੇਗਾ ਕਿ ਲੋਕ ਕੀ ਚਾਹੁੰਦੇ ਹਨ। ਬੈਂਸ ਨੇ ਕਿਹਾ ਕਿ ਮਾਨ ਨੂੰ ਵੋਟਾਂ ਦਿੱਲੀ ਵਾਲਿਆਂ ਨੇ ਨਹੀਂ, ਪੰਜਾਬ ਦੀ ਜਨਤਾ ਨੇ ਹੀ ਪਾਈਆਂ ਹਨ। ਇਸ ਲਈ ਪੰਜਾਬ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਮੁਕਤ ਕਰਕੇ ਨੌਜਵਾਨਾਂ ਨੂੰ ਉਜਵਲ ਭਵਿੱਖ ਦੇਣ ਵਾਲਿਆਂ ਦੇ ਨਾਲ ਮਾਨ ਨੂੰ ਚੱਲਣਾ ਚਾਹੀਦਾ ਹੈ, ਨਾ ਕਿ ਆਪਣੀ ਕੁਰਸੀ ਦੇ ਚੱਕਰ ‘ਚ ਆਪਣੇ ਪੰਜਾਬੀ ਭਾਈਚਾਰੇ ਦੀ ਹੀ ਨਿੰਦਿਆ ਕਰਨੀ ਚਾਹੀਦੀ ਹੈ।
‘ਆਪ’ ਪਾਰਟੀ ਦੇ ਭਵਿੱਖ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਬਦਹਾਲੀ ਲਈ ਜੇ ਕੋਈ ਮੈਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਤਾਂ ਦਿੱਲੀ ‘ਚ ਜੋ ਪਾਰਟੀ ਦੇ ਵੱਡੇ ਨੇਤਾ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ, ਉਨ੍ਹਾਂ ਲਈ ਵੀ ਮੈਂ ਹੀ ਜ਼ਿੰਮੇਵਾਰ ਹਾਂ? ਬੈਂਸ ਨੇ ਕਿਹਾ ਕਿ ਪਾਰਟੀ ‘ਚ ਤਾਨਾਸ਼ਾਹੀ ਰਵੱਈਆ ਜਾਂ ਨਾਦਰਸ਼ਾਹੀ ਫਰਮਾਨਾਂ ਕਰਕੇ ਪੰਜਾਬ ‘ਚ ਆਪ ਪਾਰਟੀ ਪੂਰੀ ਤਰ੍ਹਾਂ ਖਾਤਮੇ ਦੀ ਕਗਾਰ ‘ਤੇ ਹੈ। ਤੀਜੇ ਫਰੰਟ ਬਾਰੇ ਬੈਂਸ ਨੇ ਕਿਹਾ ਕਿ ਅਕਾਲੀ ਦਲ ਵਾਲੇ ਤੀਜੇ ਫਰੰਟ ਬਾਰੇ ਮਜ਼ਾਕ ਉਡਾਉਂਦੇ ਰਹੇ ਹਨ ਕਿ 2017 ਵਿਧਾਨ ਸਭਾ ਚੋਣਾਂ ‘ਚ ਤੀਜੇ ਫਰੰਟ ਨੂੰ ਕੋਈ ਕਾਮਯਾਬੀ ਨਹੀਂ ਮਿਲੀ, ਇਸ ਲਈ ਅਕਾਲੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ 10 ਸਾਲ ਅਕਾਲੀਆਂ ਨੂੰ ਦੇਖ ਲਿਆ ਤੇ ਕੈਪਟਨ ਸਰਕਾਰ ਨੇ ਤਾਂ ਕੁਝ ਮਹੀਨਿਆਂ ‘ਚ ਹੀ ਜਨਤਾ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਇਸ ਲਈ ਪੰਜਾਬ ‘ਚ ਜਲਦ ਹੀ ਤੀਜਾ ਬਦਲ ਆਵੇਗਾ। ਇਹ ਤੀਜਾ ਫਰੰਟ ਪੰਜਾਬ ਦੇ ਲੋਕਾਂ ਦਾ ਹੋਵੇਗਾ।
ਸਿੱਧੂ ਦੀ ਪਾਕਿਸਤਾਨ ਦੀ ਫੇਰੀ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕੋਈ ਨੇਤਾ ਪਾਕਿਸਤਾਨ ਗਿਆ ਅਤੇ ਸਿੱਖ ਗੁਰਦੁਆਰਾ ਸਾਹਿਬ ਦੇ ਲਈ ਰਸਤੇ ਬਾਰੇ ਕੋਈ ਚੰਗੀ ਖਬਰ ਲਿਆਇਆ। ਨਹੀਂ ਤਾਂ ਕੈਪਟਨ ਸਾਹਿਬ ਤਾਂ ਅਰੂਸਾ ਨੂੰ ਲਿਆਏ ਅਤੇ ਬਾਦਲ ਭੇਡੂਆਂ ਨੂੰ ਹੀ ਲੈ ਕੇ ਆਏ। ਮੋਦੀ ਤਾਂ ਆਪਣੇ ਦੇਸ਼ ਵਾਸੀਆਂ ਨੂੰ ਬਿਨਾਂ ਬੁਲਾਏ ਹੀ ਚਲੇ ਗਏ ਸਨ। ਇਸ ਲਈ ਉਹ ਸਿੱਧੂ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ। ਇਸ ਮੌਕੇ ਜਸਬੀਰ ਸਿੰਘ ਬੱਗਾ, ਪਰਮਿੰਦਰ ਸਿੰਘ ਕਾਲਾ ਅਤੇ ਹੋਰ ਲੋਕ ਵੀ ਮੌਜੂਦ ਸਨ।