ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਖੂਬ ਰਗੜੇ ਲਾਏ। ਇੱਥੇ ਸੈਕਟਰ-2 ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਸਿਰਫ ਆਪਣੀ ਜ਼ਿੱਦ ਪੁਗਾਉਣ ਖਾਤਰ ਸੁਖਬੀਰ ਬਾਦਲ ਨੇ ਪੰਜਾਬ ਨੂੰ 8-9 ਕਰੋੜ ਦਾ ਚੂਨਾ ਲਾਇਆ ਹੈ ਅਤੇ ਹੁਣ ਉਸ ਦੀ ਪਾਣੀ ਵਾਲੀ ਬੱਸ ਨੀਲਾਮ ਹੋ ਜਾਵੇਗੀ। ਨਵਜੋਤ ਸਿੱਧੂ ਨੇ ਆਡਿਟ ਰਿਪੋਰਟ ‘ਚ ਇਸ ਪ੍ਰਾਜੈਕਟ ਦੇ ਸਹੀ ਨਾ ਹੋਣ ਦੀ ਟਿੱਪਣੀ ਤੋਂ ਬਾਅਦ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਕਾਰਨ ਕਈ ਪਿੰਡਾਂ ਨੂੰ ਰੋੜ੍ਹ ਛੱਡਿਆ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਇਸ ਬੱਸ ਨੂੰ ਚਲਾਉਣ ਵਾਲੇ ਡਰਾਈਵਰ ਕੋਲ ਲਾਈਸੈਂਸ ਵੀ ਨਹੀਂ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਨੂੰ ਆਰਥਿਕ ਮੰਦੀ ‘ਚੋਂ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।