ਕੋਟਕਪੂਰਾ : ਕੈਪਟਨ ਸਰਕਾਰ ਵੱਲੋਂ ਬੇਅਦਬੀ ਮਾਮਲੇ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਵੱਲੋਂ ਬੇਅਦਬੀ ਕਾਂਡ ਦਾ ਸੁਰਾਗÑਲਾਉਣ ਅਤੇ ਮੁਲਜ਼ਮਾਂ ਨੂੰ ਵੀ ਹਿਰਾਸਤ ‘ਚ ਲਿਆ ਹੈ ਅਤੇ ਇਸ ਦੌਰਾਨ ਸੀ. ਬੀ. ਆਈ. ਦੀ ਟੀਮ ਨੇ ਵੀ ਆਪਣੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ ਟੀਮ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ ਤੇ ਬੀਤੀ ਦੇਰ ਸ਼ਾਮ ਉਕਤ ਟੀਮ ਨੇ ਐੱਸ. ਆਈ. ਟੀ. ਦੀ ਸਮੁੱਚੀ ਟੀਮ ਦੇ ਨਾਲ ਜ਼ਿਲੇ ਦੇ ਦੋ ਪਿੰਡਾਂ ‘ਚ ਬੇਅਦਬੀ ਮਾਮਲੇ ਨੂੰ ਲੈ ਕੇ ਦਸਤਕ ਦਿੱਤੀ। ਇਸ ਦੌਰਾਨ ਟੀਮ ਨੇ ਬੁੱਧਵਾਰ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜ ਕੇ ਉਨ੍ਹਾਂ ਦੋ ਥਾਵਾਂ ਦਾ ਦੌਰਾ ਕੀਤਾ ਜਿੱਥੇ ਗੁਰਦੁਆਰਾ ਸਾਹਿਬ ‘ਚੋਂ ਪਾਵਨ ਸਰੂਪ ਚੋਰੀ ਹੋਏ ਸਨ। ਉਕਤ ਮਾਮਲੇ ਨਾਲ ਸਬੰਧਤ ਦੱਸੇ ਜਾਂਦੇ ਅਤੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਦੇ ਘਰ ਸੀ. ਬੀ. ਆਈ. ਦੀ ਟੀਮ ਪੁੱਜੀ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਆਈ. ਟੀ. ਦੇ ਇੰਚਾਰਜ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਸਮੇਤ ਸਮੁੱਚੀ ਟੀਮ ਨੇ ਕੱਲ ਦੇਰ ਸ਼ਾਮ ਸੀ. ਬੀ. ਆਈ. ਦੇ ਅਧਿਕਾਰੀਆਂ ਨਾਲ ਪਹਿਲਾਂ ਪਿੰਡ ਡੱਗੋਰੋਮਾਣਾ ਵਿਖੇ ਇਕ ਡੇਰਾ ਪ੍ਰੇਮੀ ਦੇ ਘਰ ਪਹੁੰਚ ਕੇ ਮੁਆਇਨਾ ਕਰਨ ਉਪਰੰਤ ਨਕਸ਼ਾ ਤਿਆਰ ਕੀਤਾ ਅਤੇ ਉਸ ਤੋਂ ਬਾਅਦ ਉਹ ਪਿੰਡ ਸਿੱਖਾਂ ਵਾਲਾ ਵਿਖੇ ਇਕ ਡੇਰਾ ਪ੍ਰੇਮੀ ਦੇ ਘਰ ਗਏ, ਜਿੱਥੋਂ ਉਨ੍ਹਾਂ ਉਹ ਟਰੰਕ ਕਬਜ਼ੇ ‘ਚ ਲਿਆ, ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਚੋਰੀ ਕਰਨ ਤੋਂ ਬਾਅਦ ਲਗਭਗ ਦੋ ਮਹੀਨੇ ਤੱਕ ਪਾਵਨ ਸਰੂਪ ਉਸ ਟਰੰਕ ਵਿਚ ਰੱਖਿਆ ਗਿਆ ਸੀ।
ਇਸ ਬਾਰੇ ਪੁਲਸ ਅਧਿਕਾਰੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹਨ ਅਤੇ ਸੀ. ਬੀ. ਆਈ. ਦਾ ਮਾਮਲਾ ਹੋਣ ਦਾ ਕਹਿ ਕੇ ਪੱਲਾ ਝਾੜ ਰਹੇ ਹਨ ਪਰ ਅੱਜ ਅਚਾਨਕ ਸੀ. ਬੀ. ਆਈ. ਅਧਿਕਾਰੀ ਐੱਸ. ਆਈ. ਟੀ. ਦੀ ਟੀਮ ਦੇ ਕੁਝ ਮੈਂਬਰਾਂ ਨਾਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰਦੁਆਰਾ ਸਾਹਿਬ ਪੁੱਜੇ ਜਿੱਥੋਂ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਇਆ ਸੀ।
ਪਤਾ ਲੱਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁੱਲ ਨੇੜੇ ਇਕ ਘਰ ‘ਚ ਰਹਿੰਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਜਿਸ ਦਾ ਬਾਅਦ ‘ਚ ਕਤਲ ਹੋ ਗਿਆ ਸੀ. ਬੀ. ਆਈ. ਦੀ ਟੀਮ ਉਕਤ ਡੇਰਾ ਪ੍ਰੇਮੀ ਦੇ ਘਰ ਵੀ ਗਈ ਅਤੇ ਗੁਰਦੁਆਰਾ ਸਾਹਿਬ ਤੇ ਡੇਰਾ ਪ੍ਰੇਮੀ ਦੇ ਘਰਾਂ ਦੇ ਨਕਸ਼ੇ ਵੀ ਤਿਆਰ ਕੀਤੇ ਗਏ।