ਸਿੰਗਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ (ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ) ਦੀ ਯਾਤਰਾ ਦੇ ਆਖਰੀ ਪੜਾਅ ਵਿਚ ਅੱਜ ਸਿੰਗਾਪੁਰ ਪੁੱਜੇ। ਉਹ ਦੇਸ਼ ਦੀ ਸ਼ਿਖਰ ਲਿਡਰਸ਼ਿਪ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਸ਼ਾਂਗਰੀ-ਲਾਅ ਡਾਇਲਾਗ ਨੂੰ ਸੰਬੋਧਿਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਮੋਦੀ ਮਲੇਸ਼ੀਆ ਵਿਚ ਕੁੱਝ ਦੇਰ ਰੁੱਕ ਕੇ ਉਥੋਂ ਦੇ ਨਵੇਂ ਚੁਣੇ ਗਏ ਪੀ. ਐਮ ਮਹਾਤਿਰ ਬਿਨ ਮੁਹੰਮਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਥੇ ਆਏ ਹਨ। ਮਹਾਤਿਰ ਨਾਲ ਪੀ. ਐਮ ਨੇ ਦੋ-ਪੱਖੀ ਸਬੰਧਾਂ ਦੀ ਬਿਹਤਰੀ ‘ਤੇ ਗੱਲਬਾਤ ਕੀਤੀ।
ਸਿੰਗਾਪੁਰ ਵਿਚ ਵਿਦੇਸ਼ ਮੰਤਰਾਲੇ ਦੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿਚ ਕੱਲ ਅਧਿਕਾਰਤ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਾਏਗਾ। ਮੋਦੀ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ.ਐਚ. ਲੂੰਗ ਨਾਲ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਹਲੀਮਾ ਯਾਕੂਬ ਨਾਲ ਸਿਸ਼ਟਾਚਾਰ ਭੇਂਟ ਕਰਨਗੇ। ਪ੍ਰਧਾਨ ਮੰਤਰੀ ਲੀ, ਮੋਦੀ ਲਈ ਅਧਿਕਾਰਤ ਭੋਜਨ ਦਾ ਆਯੋਜਨ ਕਰਨਗੇ। ਮੋਦੀ ਅਤੇ ਲੀ ਅੱਜ ਮਰੀਨਾ ਬੇਅ ਸੈਂਡਸ ਕਨਵੈਂਸ਼ਨ ਸੈਂਟਰ ਵਿਚ ਨਵੀਨਤਾ ਅਤੇ ਸਨਅੱਤਕਾਰੀ ‘ਤੇ ਆਯੋਜਿਤ ਇਕ ਵਪਾਰਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘ਪੀ. ਐਮ ਮੋਦੀ ਦੀ ਯਾਤਰਾ ਸਿੰਗਾਪੁਰ ਅਤੇ ਭਾਰਤ ਵਿਚਕਾਰ ਕਰੀਬੀ ਸਬੰਧਾਂ ਨੂੰ ਦਰਸਾਉਂਦੀ ਹੈ ਅਤੇ ਉਹ 2015 ਵਿਚ ਦਸਤਖਤ ਕੀਤੇ ਗਏ ਭਾਰਤ-ਸਿੰਗਾਪੁਰ ਰਣਨੀਤਕ ਸਾਂਝੇਦਾਰੀ ਨੂੰ ਮਜਬੂਤ ਬਣਾਉਣਗੇ।’