ਨਵੀਂ ਦਿੱਲੀ—ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ(ਡੀ.ਜੀ.ਸੀ.ਏ) ਮਾਮਲੇ ‘ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਅੱਜ ਮੁਆਫੀ ਮੰਗ ਲਈ ਹੈ। ਉਨ੍ਹਾਂ ਦੇ ਇਲਾਵਾ ਆਪ ਦੇ ਤਿੰਨ ਹੋਰ ਨੇਤਾਵਾਂ ਆਸ਼ੂਤੋਸ਼, ਰਾਘਵ ਚੱਡਾ ਅਤੇ ਸੰਜੈ ਸਿੰਘ ਨੇ ਵੀ ਜੇਤਲੀ ਤੋਂ ਮੁਆਫੀ ਮੰਗੀ ਹੈ। ਕੇਜਰੀਵਾਲ ਨੂੰ ਮੁਆਫੀ ਮੰਗ ਲੈਣ ਦੇ ਬਾਅਦ ਜੇਤਲੀ ਨੇ ਮਾਨਹਾਣੀ ਦੇ ਦੋ ਮੁਕੱਦਮਿਆਂ ਨੂੰ ਆਪਸ ‘ਚ ਹੀ ਸੁਲਝਾ ਲਿਆ। ਜੇਤਲੀ ਨੇ ਦਿੱਲੀ ਹਾਈਕੋਰਟ ‘ਚ ਕੇਸ ਵਾਪਸ ਲੈਣ ਲਈ ਅਰਜ਼ੀ ਦੇ ਦਿੱਤੀ ਹੈ। ਹਾਈਕੋਰਟ ਨੇ ਜੇਤਲੀ ਅਤੇ ਕੇਜਰੀਵਾਲ ਦੀ ਸੰਯੁਕਤ ਅਰਜ਼ੀ ਨੂੰ ਮੰਗਲਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ।
ਪਾਰਟੀ ਦੇ ਹੋਰ ਨੇਤਾਵਾਂ ਨੇ ਵੀ ਜੇਤਲੀ ‘ਤੇ ਕਈ ਦੋਸ਼ ਲਗਾਏ ਸਨ। ਇਸ ‘ਤੇ ਜੇਤਲੀ ਨੇ ਇਨ੍ਹਾਂ ਸਾਰਿਆਂ ਖਿਲਾਫ ਕੋਰਟ ‘ਚ 10 ਕਰੋੜ ਰੁਪਏ ਮਾਨਹਾਣੀ ਦਾ ਮਾਮਲਾ ਦਰਜ ਕਰਵਾਇਆ ਸੀ। ਜੇਤਲੀ ਨੂੰ ਲਿਖੇ ਇਕ ਪੱਤਰ ‘ਚ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਉਪਲਬਧ ਕਰਵਾਏ ਗਏ ਕੁਝ ਕਾਗਜ਼ਾਤ ਦੇ ਆਧਾਰ ‘ਤੇ ਦੋਸ਼ ਲਗਾਏ ਸਨ ਪਰ ਹੁਣ ਇਨ੍ਹਾਂ ਦੀ ਜਾਂਚ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਦੋਸ਼ ਬੇਬੁਨਿਆਦ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦੇਖਦੇ ਹੋਏ ਉਨ੍ਹਾਂ ਤੋਂ ਮੁਆਫੀ ਮੰਗੀ ਹੈ। ਸੰਜੈ ਸਿੰਘ, ਆਸ਼ੂਤੋਸ਼ ਅਤੇ ਚੱਡਾ ਨੇ ਇਸੀ ਤਰ੍ਹਾਂ ਪੱਤਰ ਲਿਖ ਕੇ ਜੇਤਲੀ ਤੋਂ ਮੁਆਫੀ ਮੰਗੀ ਹੈ।