1 ਜੁਲਾਈ 2025 – ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹੁਣ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੀ ਇਸ ਮਾਮਲੇ ਵਿੱਚ ਮਜੀਠੀਆ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ, ਐਨਸੀਬੀ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਹੈ। ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ NDPS ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਹੋਰ ਏਜੰਸੀਆਂ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੀਆਂ ਹਨ। ਮਜੀਠੀਆ ਦਾ ਰਿਮਾਂਡ ਹੁਣ 2 ਜੁਲਾਈ ਨੂੰ ਪੂਰਾ ਹੋ ਰਿਹਾ ਅਤੇ ਵਿਜੀਲੈਂਸ ਵੱਲੋਂ ਮੁੜ ਅਦਾਲਤ ‘ਚ ਪੇਸ਼ ਕਰਕੇ ਫੇਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਵਿਜੀਲੈਂਸ ਬਿਊਰੋ ਦੀਆਂ ਟੀਮਾਂ ਸ਼ੱਕੀ ਜਾਇਦਾਦਾਂ ਦੀ ਪਛਾਣ ਕਰਨ ਲਈ ਮਜੀਠੀਆ ਨੂੰ ਪੰਜਾਬ ਅਤੇ ਹਿਮਾਚਲ ਦੇ ਵੱਖ-ਵੱਖ ਸਥਾਨਾਂ ‘ਤੇ ਲੈ ਗਈਆਂ। ਪਰ ਵਿਜੀਲੈਂਸ ਦਾ ਦੋਸ਼ ਹੈ ਕਿ ਮਜੀਠੀਆ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਉਹ ਮੁਸੀਬਤ ਵਿੱਚ ਫਸ ਗਏ ਹਨ। ਮਨਿੰਦਰ ਸਿੰਘ ਉਰਫ਼ ਬਿੱਟੂ ਅਤੇ ਜਗਜੀਤ ਸਿੰਘ ਚਾਹਲ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ 2010 ਤੱਕ ਉਨ੍ਹਾਂ ਦੇ ਮਜੀਠੀਆ ਨਾਲ ਚੰਗੇ ਸਬੰਧ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ਦੀ ਵੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ। ਜਦੋਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਮਜੀਠੀਆ ਵਿਰੁੱਧ ਵਿਜੀਲੈਂਸ ਕੋਲ ਆਪਣਾ ਬਿਆਨ ਦਰਜ ਕਰਵਾਉਣ ਲਈ ਵੀ ਤਿਆਰ ਹਨ।
ਚਰਨਜੀਤ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਬਿਕਰਮ ਮਜੀਠੀਆ ‘ਤੇ 2021 ‘ਚ ਦਰਜ ਹੋਇਆ ਸੀ ਪਰਚਾ
ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸਾ ਕਾਰੋਬਾਰ ਦੇ ਮਾਮਲੇ ’ਚ ਮੁਹਾਲੀ ਵਿੱਚ ਦਸੰਬਰ 2021 ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਨਸ਼ਾ ਵਿਰੋਧੀ ਕਾਨੂੰਨ ਦੀ ਧਾਰਾ 25, 27ਏ ਤੇ 29 ਦੇ ਤਹਿਤ ਦਰਜ ਕੀਤਾ ਗਿਆ ਸੀ ਪਰ ਉਸ ਵੇਲੇ ਵਿਧਾਨ ਸਭਾ ਚੋਣਾਂ ਦਾ ਚੋਣ ਅਮਲਾ ਚੱਲਦਾ ਹੋਣ ਕਾਰਨ ਉਨ੍ਹਾਂ ਦੀ ਗ੍ਰਿਫ਼਼ਤਾਰੀ ਨਹੀਂ ਹੋਈ ਸੀ, ਅਤੇ ਅਦਾਲਤ ਨੇ ਚੋਣ ਪ੍ਰਚਾਰ ਤੱਕ ਮਜੀਠੀਆ ਨੂੰ ਰਾਹਤ ਦਿੱਤੀ ਸੀ ਅਤੇ ਚੋਣ ਪ੍ਰਚਾਰ ਖਤਮ ਹੁੰਦਿਆਂ ਖੁਦ ਮਜੀਠੀਆ ਨੇ ਆਤਮ-ਸਮਰਪਣ ਕੀਤਾ ਸੀ। ਕਈ ਮਹੀਨੇ ਜੇਲ੍ਹ ‘ਚ ਰਹਿਣ ਤੋਂ ਬਾਅਦ ਮਜੀਠੀਆ ਨੂੰ ਜ਼ਮਾਨਤ ਮਿਲੀ ਸੀ। ਮਜੀਠੀਆ ‘ਤੇ ਇਹ ਪਰਚਾ ਉਸ ਵੇਲੇ ਹੋਇਆ ਸੀ ਜਦੋਂ ਪੰਜਾਬ ਮੁੱਖ ਮੰਤਰੀ ਚਰਨਜੀਤ ਚੰਨੀ ਸਨ।
ਡਰੱਗ ਮਾਮਲੇ ‘ਚ ਮਜੀਠੀਆ ਦਾ ਨਾਂਅ 2013 ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਆਇਆ ਸੀ
ਪੰਜਾਬ ਪੁਲਿਸ ਨੇ 2013 ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਸੀ। ਕਈ ਸਾਲਾਂ ਤੋਂ ਇਹ ਕੇਸ ਭੋਲਾ ਡਰੱਗ ਕੇਸ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਸ ਕੇਸ ‘ਚ ਮਜੀਠੀਆ ਦਾ ਨਾਂਅ ਆਇਆ ਸੀ। ਇਸ ਸੰਬੰਧੀ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੌਰਾਨ ਜਗਦੀਸ਼ ਭੋਲਾ ਅਤੇ ਹੋਰਨਾਂ ਨੇ ਆਪਣੇ ਬਿਆਨ ਵਿੱਚ ਮਜੀਠੀਆ ਦਾ ਨਾਮ ਲਿਆ ਸੀ। ਪਰ ਉਸ ਵੇਲੇ ਅਕਾਲੀ ਸਰਕਾਰ ਹੋਣ ਕਾਰਨ ਕਾਰਵਾਈ ਜ਼ਿਆਦਾ ਅੱਗੇ ਨਹੀਂ ਜਾ ਸਕੀ ਸੀ।
ਪਰ ਇਹ ਗੱਲ ਜ਼ਿਕਰਯੋਗ ਹੈ ਕਿ ਇੱਥੇ ਭਾਵੇਂ ਮਜੀਠੀਆ ਦਾ ਨਾਂਅ ਡਰੱਗ ਮਾਮਲੇ ‘ਚ 2013 ‘ਚ ਸਾਹਮਣੇ ਆਇਆ ਸੀ, ਉਸ ਵੇਲੇ ਤੋਂ ਹੁਣ ਤੱਕ ਜਾਂਚ ਚੱਲ ਰਹੀ ਹੈ ਲਗਭਗ 12 ਸਾਲ ਹੋ ਚੁੱਕੇ, ਭਾਵੇਂ ਹੁਣ ਦੂਜੀ ਵਾਰ ਮਜੀਠੀਆ ਦੀ ਫੇਰ ਗ੍ਰਿਫਤਾਰੀ ਹੋ ਚੁੱਕੀ ਹੈ, ਪਰ ਹੁਣ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਸਕੀ ਅਤੇ ਨਾ ਹੀ ਇਸ ਮਾਮਲੇ ‘ਚ ਅਜੇ ਤੱਕ ਅਦਾਲਤ ਕੋਈ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ReplyForward |