ਲਖਨਊ, 26 ਜੂਨ : ਵੀਰਵਾਰ ਸਵੇਰੇ ਸੈਫਈ ਇਲਾਕੇ ਵਿੱਚ ਲਖਨਊ ਆਗਰਾ ਐਕਸਪ੍ਰੈਸਵੇਅ ’ਤੇ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਡਬਲ-ਡੈਕਰ ਬੱਸ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਬੱਸ ਵਿੱਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 50 ਯਾਤਰੀ ਜ਼ਖ਼ਮੀ ਹੋ ਗਏ।
ਸੀਨੀਅਰ ਪੁਲਿਸ ਸੁਪਰਡੈਂਟ ਬ੍ਰਿਜੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਬੱਸ ਯਾਤਰੀਆਂ ਸ਼ਈਦਾ (22), ਜੋ ਕਿ ਨੇਪਾਲ ਦੀ ਰਹਿਣ ਵਾਲੀ ਸੀ, ਅਤੇ ਮਨੋਜ ਕੁਮਾਰ (52), ਜੋ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਾਮਪੁਰ ਡੀਹ ਦਾ ਰਹਿਣ ਵਾਲਾ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਵਾਸਤਵ ਨੇ ਕਿਹਾ ਕਿ ਜਦੋਂ ਬੇਕਾਬੂ ਬੱਸ ਪਲਟ ਗਈ ਅਤੇ ਡੂੰਘੀ ਖੱਡ ਵਿੱਚ ਡਿੱਗ ਗਈ ਤਾਂ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ, ਜਿਸ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੇ ਪੁਲਿਸ ਅਤੇ ਹਾਈਵੇਅ ਸੇਫਟੀ ਪੁਲਿਸ ਨੂੰ ਸੂਚਿਤ ਕੀਤਾ।
ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਸੈਫ਼ਈ ਪੁਲਿਸ ਸਟੇਸ਼ਨ ਅਤੇ ਹਾਈਵੇਅ ਸੇਫਟੀ ਪੈਟਰੋਲਿੰਗ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਚਾਇਆ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸੈਫ਼ਈ ਮੈਡੀਕਲ ਕਾਲਜ ਹਸਪਤਾਲ ਭੇਜਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਬੱਸ ਵਿੱਚ ਲਗਭਗ 80 ਯਾਤਰੀ ਸਵਾਰ ਸਨ।