ਇਰਾਨ: ਇਰਾਨ ਨੇ ਸੋਮਵਾਰ ਨੂੰ ਇੱਕ ਤੀਜੇ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਜਿਸ ’ਤੇ ਇਸਲਾਮੀ ਗਣਰਾਜ ਵਿਰੁੱਧ ਇਜ਼ਰਾਈਲ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਦੀ ਮੋਸਾਦ ਖ਼ੁਫ਼ੀਆ ਸੇਵਾ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਕਾਰਕੁਨਾਂ ਨੂੰ ਡਰ ਹੈ ਕਿ ਇਰਾਨ ਵਿੱਚ ਹੋਰ ਵੀ ਲੋਕਾਂ ਨੂੰ ਫਾਂਸੀ ’ਤੇ ਲਟਕਾਇਆ ਜਾਵੇਗਾ, ਖ਼ਾਸ ਕਰ ਕੇ ਜਦੋਂ ਇਸਦੇ ਧਰਮਤੰਤਰ ਨੇ ਜਾਸੂਸੀ ਦੇ ਦੋਸ਼ੀ ਲੋਕਾਂ ਨੂੰ ਆਤਮ ਸਮਰਪਣ ਕਰਨ ਲਈ ਐਤਵਾਰ ਤਕ ਦਾ ਸਮਾਂ ਦਿਤਾ ਹੋਇਆ ਹੈ।
ਨਿਆਂਪਾਲਿਕਾ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਫਾਂਸੀ ਦਿੱਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਅਮੀਨ ਮਹਦਾਵੀ ਸ਼ਾਇਸਤੇਹ ਵਜੋਂ ਕੀਤੀ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਪਹਿਲਾਂ ਉਸਦਾ ਮਾਮਲਾ ਉਠਾਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸਨੂੰ ਇਰਾਨ ਦੇ ਅਲਬੋਰਜ਼ ਸੂਬੇ ਦੀ ਗ਼ਜ਼ਲ ਹੇਸਰ ਜੇਲ ਵਿੱਚ ਰੱਖਿਆ ਗਿਆ ਸੀ।
ਇਰਾਨ ਨੇ ਇੱਕ ਹੋਰ ਵਿਅਕਤੀ ਮਾਜਿਦ ਮੋਸਾਏਬੀ ਨੂੰ ਐਤਵਾਰ ਨੂੰ ਫਾਂਸੀ ਦੇ ਦਿੱਤੀ, ਜਿਸਦਾ ਮਾਮਲਾ ਉਸਦੀ ਫਾਂਸੀ ਤੋਂ ਬਾਅਦ ਹੀ ਜਨਤਕ ਹੋਇਆ। 16 ਜੂਨ ਨੂੰ ਇਰਾਨ ਨੇ ਇਸਮਾਈਲ ਫੇਕਰੀ ਨੂੰ ਫਾਂਸੀ ਦੇ ਦਿੱਤੀ।