– ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਉੱਤਰੀ ਭਾਰਤ ਵਿਚ ਹੁਣ ਰਾਹਤ ਦੇ ਸੰਕੇਤ ਮਿਲੇ ਹਨ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ 13 ਜੂਨ ਦੀ ਰਾਤ ਤੋਂ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਹਾਲਾਂਕਿ, IMD ਨੇ ਇੱਕ ਓਂਰਜ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਗਰਜ-ਤੂਫਾਨ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨਾਲ ਹੀ, ਤੇਜ਼ ਹਵਾਵਾਂ ਵੀ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ 14 ਅਤੇ 15 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 18 ਜੂਨ ਤੱਕ ਕਈ ਥਾਵਾਂ ‘ਤੇ ਬਿਜਲੀ, ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਅਤੇ ਧੂੜ ਭਰੀ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆ ਸਕਦੀ ਹੈ।
13 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 31 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨਮੀ ਵੀ 67 ਪ੍ਰਤੀਸ਼ਤ ਤੱਕ ਰਹੇਗੀ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਦਿਨ ਭਰ ਗਰਮ ਅਤੇ ਨਮੀ ਵਾਲਾ ਮੌਸਮ ਰਹੇਗਾ, ਪਰ ਸ਼ਾਮ ਅਤੇ ਰਾਤ ਨੂੰ ਗਰਜ-ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਰਹੇਗੀ।
16 ਅਤੇ 17 ਜੂਨ ਨੂੰ ਅਸਮਾਨ ਬੱਦਲਵਾਈ ਰਹੇਗੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਸੰਭਵ ਹੈ। ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਆਸ-ਪਾਸ ਅਤੇ ਘੱਟੋ-ਘੱਟ 27-28 ਡਿਗਰੀ ਦੇ ਆਸ-ਪਾਸ ਰਹੇਗਾ। ਇਸ ਦੇ ਨਾਲ ਹੀ 18 ਅਤੇ 19 ਜੂਨ ਨੂੰ ਵੀ ਗਰਜ-ਤੂਫ਼ਾਨ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਦਿਨਾਂ ‘ਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ 37 ਤੋਂ 38 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਨਮੀ ਦੀ ਮਾਤਰਾ 80-85 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ। ਜਿੱਥੇ ਇਹ ਬਾਰਿਸ਼ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗੀ, ਉੱਥੇ ਹੀ ਇਹ ਕਿਸਾਨਾਂ ਲਈ ਇੱਕ ਸਕਾਰਾਤਮਕ ਸੰਕੇਤ ਵੀ ਹੈ।