ਫਾਜਿਲਕਾ: 13 ਜੂਨ 2025- ਫਾਜਿਲਕਾ ਪੁਲਿਸ ਵੱਲੋਂ ਜਿਲ੍ਹੇ ਨੂੰ ਕਿਸੇ ਵੀ ਤਰ੍ਹਾਂ ਦੇ ਜੁਰਮ ਤੋ ਰਹਿਤ ਬਣਾਉਣ ਲਈ ਅਤੇ ਕਿਸੇ ਵੀ ਦੋਸ਼ੀ ਨੂੰ ਉਸਦੇ ਅੰਜਾਮ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਥਾਣਾ ਸਿਟੀ-1 ਅਬੋਹਰ ਵਿਖੇ ਦੁਪਹਿਰ ਵਕਤ ਕਰੀਬ 1:23 ਵਜੇ ਇਤਲਾਹ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਜੀਤ ਸਿੰਘ ਵਾਸੀ ਗਲੀ ਨੰਬਰ 2/3 ਜੰਮੂ ਬਸਤੀ ਅਬੋਹਰ ਦਾ ਕਤਲ ਹੋ ਗਿਆ ਹੈ। ਕੁਲਦੀਪ ਸਿੰਘ ਦੀ ਸ਼ਾਦੀ 14 ਸਾਲ ਪਹਿਲਾਂ ਸ਼ਿਮਲਾ ਰਾਣੀ ਪੁੱਤਰੀ ਕੁੰਦਨ ਸਿੰਘ ਵਾਸੀ ਟਾਹਲੀ ਵਾਲਾ ਨੇੜੇ ਘੁਬਾਇਆ ਨਾਲ ਹੋਈ ਸੀ, ਜਿੰਨ੍ਹਾਂ ਦੇ 02 ਬੱਚੇ ਹਨ। ਸ਼ਿਮਲਾ ਰਾਣੀ ਨਾਲ ਰਾਮ ਸਿੰਘ ਉਰਫ ਰਾਮੂ ਵਾਸੀ ਚੱਕ ਰਾਧੇ ਵਾਲਾ ਨਾਲ ਨਾਜਾਇਜ਼ ਸਬੰਧ ਸੀ, ਜਿਸ ਕਰਕੇ ਅਕਸਰ ਹੀ ਘਰ ਵਿਚ ਦੋਨਾਂ ਪਤੀ ਪਤਨੀ ਦਾ ਆਪਸ ਵਿਚ ਲੜ੍ਹਾਈ ਝਗੜ੍ਹਾ ਰਹਿੰਦਾ ਸੀ।
ਬੀਤੀ ਰਾਤ ਕੁਲਦੀਪ ਸਿੰਘ ਆਪਣੀ ਮਾਤਾ ਸੰਤੋ ਬਾਈ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੰਮਕਾਰ ਲਈ ਸ਼ਹਿਰ ਜਾ ਰਿਹਾ ਹੈ, ਪਰੰਤੂ ਰਾਤ ਤੱਕ ਘਰ ਵਾਪਸ ਨਾ ਆਇਆ, ਜਿਸਦੀ ਲਾਸ਼ ਅੱਜ ਗੁਰੂ ਕ੍ਰਿਪਾ ਆਸ਼ਰਮ ਦੇ ਨਜ਼ਦੀਕ ਸਾਹਮਣੇ ਗਲੀ ਵਿਚ ਪਈ ਮਿਲੀ ਸੀ। ਮ੍ਰਿਤਕ ਦੀ ਮਾਤਾ ਸੰਤੋ ਬਾਈ ਦੇ ਬਿਆਨ ਤੇ ਸ਼ਿਮਲਾ ਰਾਣੀ ਪਤਨੀ ਕੁਲਦੀਪ ਸਿੰਘ ਉਰਫ ਦੀਪੂ (ਮ੍ਰਿਤਕ) ਵਾਸੀ ਗਲੀ ਨੰਬਰ 03, ਜੰਮੂ ਬਸਤੀ ਅਤੇ ਰਾਮ ਕੁਮਾਰ ਉਰਫ ਰਾਮੂ ਪੁੱਤਰ ਹਰੀ ਚੰਦ ਵਾਸੀ ਚੱਕ ਰਾਧੇ ਵਾਲਾ ਦੇ ਖਿਲਾਫ ਮੁਕੱਦਮਾਂ ਦਰਜ ਹੋਇਆ।
ਮੁਕੱਦਮਾਂ ਦੀ ਤਫਤੀਸ਼ ਦੌਰਾਨ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਨੇ ਬਹੁਤ ਹੀ ਤਕਨੀਕੀ ਢੰਗ ਨਾਲ ਮੁਕੱਦਮਾਂ ਦੇ ਦੋਨੋ ਦੋਸ਼ੀਆਨ ਸ਼ਿਮਲਾ ਰਾਣੀ ਅਤੇ ਰਾਮ ਕੁਮਾਰ ਉਰਫ ਰਾਮੂ ਨੂੰ 1-1/2 (ਡੇਢ) ਘੰਟੇ ਦੇ ਵਿਚ-ਵਿਚ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਮਲਾ ਰਾਣੀ ਅਤੇ ਰਾਮ ਕੁਮਾਰ ਉਰਫ ਰਾਮੂ ਨੇ ਸਾਜ਼ਿਸ਼ ਤਹਿਤ ਰਿੰਕੂ ਉਰਫ ਕਾਲੂ ਪੁੱਤਰ ਰਮੇਸ਼ਵਰ ਵਾਸੀ ਬੁਰਜ ਮੁਹਾਰ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਕਤਲ ਕੀਤਾ ਹੈ। ਰਿੰਕੂ ਉਰਫ ਕਾਲੂ ਨੂੰ ਵੀ ਮੁਕੱਦਮਾਂ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਫਾਜ਼ਿਲਕਾ ਪੁਲਿਸ ਨੇ ਇਕ ਕਤਲ ਦੇ ਕੇਸ ਵਿਚ ਬੜੀ ਹੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਹੈ ਅਤੇ ਸਾਰੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਆਮ ਪਬਲਿਕ ਨੂੰ ਭਰੋਸਾ ਦਿਵਾਇਆ ਹੈ ਕਿ ਕਿਸੇ ਵੀ ਮੁਜਰਿਮ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਉਸ ਮੁਜਰਿਮ ਵੱਲੋ ਕੀਤੇ ਜੁਰਮ ਲਈ ਵੱਧ ਤੋ ਵੱਧ ਸਜ਼ਾ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।