ਕੈਨੇਡਾ : ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ ਵਿੱਚ ਮਿੰਨੀ ਪੰਜਾਬ ਵਜੋਂ ਜਾਣੇ ਸ਼ਹਿਰ ਸਰੀ ਦੀ 160 ਸਟਰੀਟ ਅਤੇ 84 ਐਵਨਿਊ ‘ਤੇ ਪੰਜਾਬੀ ਕਾਰੋਬਾਰੀ ਅਤੇ ਨਾਮਵਰ ਡਿਵੈਲਪਰ ਸਤਵਿੰਦਰ ਸ਼ਰਮਾ ਜੋ ਕਿ ਗਾਇਕ ਕੁਲਦੀਪ ਮਾਣਕ ਦੇ ਪਿੰਡ ਜਲਾਲ ਦੇ ਗਰਾਈਂ ਸਨ, ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਹੈ।
ਪੁਲਿਸ ਨੇ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਰਿਲੀਜ਼ ਨਹੀਂ ਕੀਤੀ, ਪਰ ਭਰੋਸੇਯੋਗ ਸੂਤਰਾਂ ਅਨੁਸਾਰ ਹਮਲਾਵਰ ਸਤਵਿੰਦਰ ਸ਼ਰਮਾ ਦੇ ਵਪਾਰਕ ਅਦਾਰੇ ‘ਚ ਪਹੁੰਚੇ, ਜਿੱਥੇ ਆ ਕੇ ਉਹਨਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਡਾਇਮੰਡ ਲੇਬਰ ਕੰਟਰੈਕਟਰ ਦੇ ਮਾਲਕ, ਠੇਕੇਦਾਰ ਤੇ ਕਾਰੋਬਾਰੀ ਸਤਵਿੰਦਰ ਸ਼ਰਮਾ ਭਾਈਚਾਰੇ ‘ਚ ਮਿਲਣਸਾਰ ਵਿਅਕਤੀ ਵਜੋਂ ਜਾਣੇ ਜਾਂਦੇ ਸਨ।
ਸਤਵਿੰਦਰ ਸ਼ਰਮਾ ਦੀ ਹੱਤਿਆ ਦੀ ਵਾਰਦਾਤ ਨੇ ਭਾਈਚਾਰੇ ਨੂੰ ਗਹਿਰੇ ਸਦਮੇ ‘ਚ ਪਾ ਦਿੱਤਾ ਹੈ। ਇਸੇ ਤਰਾਂ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਕਾਰੋਬਾਰੀ ਅਤੇ ਸਥਾਨਿਕ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਰਿਫਲੈਕਸ਼ਨ ਹਾਲ ‘ਤੇ ਵੀ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਭਾਈਚਾਰੇ ਅੰਦਰ ਸਹਿਮ ਦਾ ਮਾਹੌਲ ਹੈ। ਬੇਸ਼ਕ ਸਤਵਿੰਦਰ ਸ਼ਰਮਾ ‘ਤੇ ਹਮਲੇ ਦੀ ਘਟਨਾ ਅਤੇ ਸਤੀਸ਼ ਕੁਮਾਰ ਦੇ ਰਿਸਲੈਕਸ਼ਨ ਹਾਲ ਤੇ ਗੋਲੀਆਂ ਚੱਲਣ ਮਾਮਲੇ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਇਹ ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਹਨ, ਪਰ ਭਾਈਚਾਰੇ ਅੰਦਰ ਇੱਕ ਦੂਜੇ ਪ੍ਰਤੀ ਸਮਾਜਿਕ ਸਾਂਝ ਜ਼ਰੂਰ ਹੈ ਤੇ ਦੋਵੇਂ ਘਟਨਾਵਾਂ ਚਿੰਤਾਜਨਕ ਹਨ।
ਇਸ ਤੋਂ ਪਹਿਲਾਂ ਟੋਰਾਂਟੋ ਏਰੀਏ ਵਿੱਚ ਹਰਜੀਤ ਸਿੰਘ ਢੱਡਾ ਨਾਮਕ ਵਪਾਰੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪਰਿਵਾਰ ਅਨੁਸਾਰ ਹਰਜੀਤ ਸਿੰਘ ਤੋਂ ਫਿਰੌਤੀ ਮੰਗੀ ਜਾ ਰਹੀ ਸੀ ਤੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਸ ਦਾ ਕਤਲ ਕੀਤਾ ਗਿਆ। ਲੁੱਟਾਂਖੋਹਾਂ ਤੇ ਕਤਲਾਂ ਦੇ ਮਾਹੌਲ ਵਿੱਚ ਆਮ ਕੈਨੇਡੀਅਨ ਸਹਿਮੇ ਹੋਏ ਹਨ।