ਅੰਮ੍ਰਿਤਸਰ, 10 ਜੂਨ-: ਹਥਿਆਰ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਇੱਕ ਹਥਿਆਰ ਤਸਕਰ ਜ਼ਖਮੀ ਹੋ ਗਿਆ, ਜਦੋਂ ਕਿ ਪੁਲਿਸ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਹੀ। ਪੁਲਿਸ ਨੇ ਮੁਲਜ਼ਮਾਂ ਤੋਂ ਤਿੰਨ ਪਿਸਤੌਲ, ਦੋ ਜ਼ਿੰਦਾ ਕਾਰਤੂਸ, 70,000 ਰੁਪਏ ਦੀ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ।ਇਹ ਮੁਕਾਬਲਾ ਅੰਮ੍ਰਿਤਸਰ ਵਿੱਚ ਹੋਇਆ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਥਾਣਾ ਘਰਿੰਡਾ ਖੇਤਰ ਵਿੱਚ ਨਾਕਾਬੰਦੀ ਕਰਕੇ ਇੱਕ ਸ਼ੱਕੀ ਕਾਰ ਨੂੰ ਰੋਕਿਆ। ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਤਰਸੇਮ ਸਿੰਘ, ਅਮਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਦੀ ਤਲਾਸ਼ੀ ਲੈਣ ‘ਤੇ ਹਥਿਆਰ ਅਤੇ ਨਕਦੀ ਮਿਲੀ।
ਪੁਲਿਸ ਪੁੱਛਗਿੱਛ ਤੋਂ ਬਾਅਦ ਤਸਕਰ ਤਰਸੇਮ ਸਿੰਘ ਨੂੰ ਹੋਰ ਹਥਿਆਰਾਂ ਦੀ ਬਰਾਮਦਗੀ ਲਈ ਗੰਡਾ ਨਾਲਾ ਭਕਨਾ ਖੇਤਰ ਲਿਜਾਇਆ ਗਿਆ। ਜਿੱਥੇ ਉਸ ਨੇ ਹਥਿਆਰ ਬਰਾਮਦ ਕਰਨ ਦੇ ਬਹਾਨੇ ਉੱਥੇ ਲੁਕਾਏ ਪਿਸਤੌਲ ਤੋਂ ਫਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।