ਬੰਗਲੌਰ, 6 ਜੂਨ: ਬੰਗਲੌਰ ਪੁਲਿਸ ਨੇ ਬੁੱਧਵਾਰ, 4 ਜੂਨ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਭਗਦੜ ਦੇ ਸਬੰਧ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੇ ਮਾਰਕੀਟਿੰਗ ਮੁਖੀ ਨਿਖਿਲ ਸੋਸਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਦੋਂ ਹੋਈ ਜਦੋਂ ਨਿਖਿਲ ਸੋਸਲੇ ਬੰਗਲੌਰ ਤੋਂ ਮੁੰਬਈ ਜਾ ਰਹੇ ਸਨ। ਉਨ੍ਹਾਂ ਨੂੰ ਬੰਗਲੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੈਂਗਲੁਰੂ ਪੁਲਿਸ ਨੇ ਆਰਸੀਬੀ ਦੇ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਐਫਆਈਆਰ ਵਿੱਚ ਆਰਸੀਬੀ ਤੋਂ ਇਲਾਵਾ ਡੀਐਨਏ ਐਂਟਰਟੇਨਮੈਂਟ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਪੁਲਿਸ ਨੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।