ਚੰਡੀਗੜ੍ਹ, 4 ਜੂਨ- ਤਹਿਰਾਨ ਪੁਲਿਸ ਨੇ ਪਿਛਲੇ ਮਹੀਨੇ ਈਰਾਨ ਵਿੱਚ ਲਾਪਤਾ ਹੋਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਹੈ। ਰਾਜਧਾਨੀ ਤਹਿਰਾਨ ਦੇ ਦੱਖਣੀ ਖੇਤਰ ਵਰਮੀਨ ਵਿੱਚ ਏਜੰਟਾਂ ਦੁਆਰਾ ਤਿੰਨਾਂ ਨੌਜਵਾਨਾਂ ਨੂੰ ਬੰਧਕ ਬਣਾਇਆ ਗਿਆ ਸੀ। ਭਾਰਤ ਵਿੱਚ ਈਰਾਨੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੇ ਨਾਮ ਹੁਸ਼ਨਪ੍ਰੀਤ ਸਿੰਘ, ਜਸਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹਨ, ਜੋ ਪੰਜਾਬ ਦੇ ਵਸਨੀਕ ਹਨ। ਤਿੰਨੇ ਨੌਜਵਾਨ ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਈਰਾਨ ਵਿੱਚ ਠਹਿਰਾਉਣ ਦੇ ਬਹਾਨੇ ਏਜੰਟਾਂ ਦੁਆਰਾ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ।
ਉਨ੍ਹਾਂ ਦੀ ਰਿਹਾਈ ਦੇ ਬਦਲੇ, ਏਜੰਟਾਂ ਨੇ ਉਨ੍ਹਾਂ ਦੇ ਪਰਿਵਾਰਾਂ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਸੀ ਤੇ ਪੈਸੇ ਪਾਕਿਸਤਾਨੀ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਨ ਲਈ ਕਿਹਾ ਗਿਆ ਸੀ।
ਤਹਿਰਾਨ ਪੁਲਿਸ ਨੂੰ 1 ਮਈ ਨੂੰ ਨੌਜਵਾਨਾਂ ਦੇ ਅਗਵਾ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਈਰਾਨੀ ਦੂਤਾਵਾਸ ਨੇ 29 ਮਈ ਨੂੰ ਦੱਸਿਆ ਸੀ ਕਿ ਉਹ ਤਿੰਨ ਲਾਪਤਾ ਭਾਰਤੀ ਨਾਗਰਿਕਾਂ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਈਰਾਨੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਜੋ ਅਕਸਰ ਝੂਠੇ ਵਾਅਦੇ ਕਰਕੇ ਗਲਤ ਤਰੀਕੇ ਨਾਲ ਵਿਦੇਸ਼ੀ ਦੇਸ਼ਾਂ ਵਿਚ ਨੌਕਰੀ ਦਿਵਾਉਣ ਦਾ ਦਾਅਵਾ ਕਰਦੇ ਹਨ।
ਦੱਸ ਦੇਈਏ ਕਿ ਤਿੰਨੋਂ ਨੌਜਵਾਨ ਪੰਜਾਬ ਦੇ ਸੰਗਰੂਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਦੋਸ਼ ਹੈ ਕਿ ਇਕ ਗੈਰ-ਕਾਨੂੰਨੀ ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਲਈ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦਿੱਤਾ ਤੇ ਫਿਰ ਉਨ੍ਹਾਂ ਨੂ ਡੰਕੀ ਰੂਟ ਰਾਹੀਂ ਈਰਾਨ ਭੇਜ ਦਿੱਤਾ ਜੋ ਮਨੁੱਖ ਤਸਕਰੀ ਲਈ ਜਾਣਿਆ ਜਾਂਦਾ ਹੈ।