ਬਠਿੰਡਾ, 31 ਮਈ – ਸੀ ਆਈ ਏ ਦੀ ਹਿਰਾਸਤ ‘ਚ ਮਰਨ ਵਾਲੇ ਨਰਿੰਦਰਦੀਪ ਸਿੰਘ ਦੇ ਗ੍ਰਹਿ ਵਿਖੇ ਅੱਜ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਮਾ ਨੂੰ 5 ਵਜੇ ਬਠਿੰਡਾ ਦੀ ਗੋਨਿਆਣਾ ਰੋਡ ਦੀ ਨਿਜ਼ੀ ਕਲੋਨੀ ‘ਚ ਸੁਖਪਾਲ ਸਿੰਘ ਖਹਿਰਾ ਕੌਮੀ ਪ੍ਰਧਾਨ ਕਾਂਗਰਸ ਕਿਸਾਨ ਸੈੱਲ ਨੇ ਮ੍ਰਿਤਕ ਦੇ ਪਰਿਵਾਰ ਨਾਲ ਬੰਦ ਕਮਰਾ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਿੰਦਰਦੀਪ ਨੂੰ ਬੇਦਰਦੀ ਦੇ ਨਾਲ ਕੋਹ ਕੋਹ ਕੇ ਪੁਲਿਸ ਨੇ ਕਤਲ ਕੀਤਾ ਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਸਾਰੀ ਘਟਨਾ ਦੀ ਜੁਡੀਸ਼ਅਲ ਜਾਂਚ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚ ਹੁਣ ਓਹੀ ਦੌਰ ਆ ਗਿਆ ਹੈ ਜਦੋਂ ਪੁਲਿਸ ਖਾੜਕੂਆਂ ਨੂੰ ਫੜ੍ਹਕੇ ਕੋਹ ਕੋਹ ਕੇ ਮਾਰਦੀ ਸੀ ਅਤੇ ਹੁਣ ਸਾਰੇ ਘਟਨਾਕ੍ਰਮ ਨੂੰ ਪੰਜਾਬ ਦੁਹਰਾਇਆ ਜਾ ਰਿਹਾ ਹੈ। ਭਗਵੰਤ ਮਾਨ ਨੁੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਸਮੇਂ ਨਰਿੰਦਰਦੀਪ ਦਾ ਕਤਲ ਹੋ ਰਿਹਾ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਬਠਿੰਡਾ ‘ਚ ਮੌਜ਼ੂਦ ਸੀ ਤੇ ਮੈਂ ਏਨਾ ਨਿਰਦਈ ਵਿਅਕਤੀ ਨਹੀਂ ਦੇਖਿਆ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਗੱਲ ਕਰਨੀ ਵੀ ਵਾਜਿਬ ਨਾ ਸਮਝੀ, ਪੁਖਤਾ ਕਾਰਵਾਈ ਤਾਂ ਕੀ ਕਰਨੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸੰਕਾਂ ਜਿਤਾਈ ਕਿ, ਜਿਸ ਤਰ੍ਹਾਂ ਦੀਪ ਸਿੱਧੂ ਦਾ ਕਤਲ ਕੀਤਾ ਗਿਆ ਜਾਂ ਕਰਵਾਇਆ ਗਿਆ, ਉਸੇ ਤਰ੍ਹਾਂ ਹੀ ਪੰਜਾਬ ‘ਚ ਸਿਆਸੀ ਆਗੂਆਂ ਦੇ ਕਤਲ ਵੀ ਹੋ ਸਕਦੇ ਹਨ, ਕਿਉਂ ਕਿ ਮੌਜ਼ੂਦਾ ਸਰਕਾਰ ਨਹੀਂ ਚਹੁੰਦੀ ਕਿ ਉਨ੍ਹਾਂ ਦੇ ਖਿਲਾਫ ਕੋਈ ਬੋਲੇ। ਸਿਆਸਤਦਾਨਾ ‘ਚ ਵੀ ਇਕ ਦਹਿਸਤ ਵਾਲਾ ਮਹੌਲ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਮੌਜ਼ੂਦਾ ਹਾਲਾਤਾਂ ‘ਤੇ ਕੋਈ ਵੀ ਖੁੱਲ੍ਹ ਕੇ ਨਹੀਂ ਬੋਲ ਰਿਹਾ।