ਬਠਿੰਡਾ, 30 ਮਈ (ਵੀਰਪਾਲ ਕੌਰ )- ਸਥਾਨਕ ਸ਼ਕਤੀ ਬਿਹਾਰ ਕਲੋਨੀ ਵਿੱਚ ਰਾਤ ਨੂੰ ਇੱਕ ਨੌਜਵਾਨ ਨੇ ਘਰ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ, ਫੋਰੈਂਸਿਕ ਟੀਮਾਂ ਅਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ ਮੌਕੇ ‘ਤੇ ਪਹੁੰਚ ਗਏ। ਮ੍ਰਿਤਕ ਨੌਜਵਾਨ ਰਵਨੀਤ ਸਿੰਘ (32 ਸਾਲ) ਪੁੱਤਰ ਅਮਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਵਨੀਤ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਘਰ ਵੇਚ ਕੇ ਅਤੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ, ਰਵਨੀਤ ਦੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਗਿਆ ਸੀ, ਜਿਸਨੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਰਵਨੀਤ ਨੂੰ ਉੱਥੇ ਬੁਲਾਉਣ ਦਾ ਵਾਅਦਾ ਕੀਤਾ ਸੀ, ਪਰ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ, ਰਵਨੀਤ ਦੀ ਪਤਨੀ ਨੇ ਰਵਨੀਤ ਨਾਲ ਸਾਰਾ ਸੰਪਰਕ ਖਤਮ ਕਰ ਦਿੱਤਾ, ਜਿਸ ਤੋਂ ਬਾਅਦ ਰਵਨੀਤ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ।
ਬੀਤੀ ਰਾਤ ਰਵਨੀਤ ਨੇ ਘਰ ਦੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਅਤੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਰਵਨੀਤ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਆਰਾਮ ਕਰ ਰਿਹਾ ਸੀ ,ਪਰ ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਰਵਨੀਤ ਦੇ ਭਰਾਵਾਂ ਨੇ ਦਰਵਾਜ਼ਾ ਤੋੜਿਆ ਅਤੇ ਦੇਖਿਆ ਕਿ ਰਵਨੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੁੱਢਲੀ ਕਾਰਵਾਈ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ, ਪੁਲਿਸ ਨੇ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।