ਜਲਾਲਾਬਾਦ 21 ਅਪ੍ਰੈਲ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਸ਼ੁਰੂ ਹੋਇਆ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਿਹਾ ਹੈ। ਇਹ ਗੱਲ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਸਕੂਲ ਆਫ ਐਮੀਨੈਂਸ ਵਿੱਚ ਹੋਏ ਸਮਾਗਮਾਂ ਦੌਰਾਨ ਆਖੀ।
ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਸਾਲਾਂ ਵਿੱਚ ਸਕੂਲਾਂ ਦੀ ਰੰਗਤ ਅਤੇ ਰੌਣਕ ਬਦਲ ਗਈ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਕਦੇ ਵੀ ਸਕੂਲਾਂ ਦੇ ਵਿਕਾਸ ਲਈ ਇਸ ਕਦਰ ਗਰਾਂਟਾਂ ਪ੍ਰਾਪਤ ਨਹੀਂ ਹੋਈਆਂ ਸਨ। ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਜਿੱਥੇ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ ਉੱਥੇ ਕੱਚੇ ਅਧਿਆਪਕਾਂ ਨੂੰ ਵੀ ਪੱਕਿਆਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ 12 ਹਜਾਰ ਅਧਿਆਪਕ ਪੱਕੇ ਕੀਤੇ ਹਨ ਅਤੇ 20 ਹਜਾਰ ਨਵੇਂ ਅਧਿਆਪਕ ਭਰਤੀ ਕੀਤੇ ਹਨ। ਉਹਨਾਂ ਨੇ ਕਿਹਾ ਕਿ ਜਲਾਲਾਬਾਦ ਇੱਕ ਵਿਸ਼ੇਸ਼ ਹਲਕਾ ਹੈ ਜਿੱਥੇ ਦੋ ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਹਨ। ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਮਿਲ ਰਹੀਆਂ ਹਨ। ਇਸ ਦੌਰਾਨ ਉਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 16 ਲੱਖ 15 ਹਜਾਰ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲ ਆਫ ਐਮੀਨੈਂਸ ਵਿਚ ਪਿੱਛਲੇ ਤਿੰਨ ਸਾਲ ਵਿਚ ਦੋ ਕਰੋੜ 62 ਲੱਖ ਰੁਪਏ ਦੇ ਵਿਕਾਸ ਕੰਮ ਕਰਵਾਏ ਹਨ।
ਵਿਧਾਇਕ ਗੋਲਡੀ ਨੇ ਇਸ ਮੌਕੇ ਕਿਹਾ ਕਿ ਪਹਿਲੀ ਵਾਰ ਹੈ ਕਿਸੇ ਸਰਕਾਰ ਨੇ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਕਰਵਾਈ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਵਿਸਵ ਮਿਆਰ ਦੀ ਸਿੱਖਿਆ ਮਿਲ ਸਕੇ। ਇਸ ਮੌਕੇ ਜਲਾਲਾਬਾਦ ਦੇ ਐਸ ਡੀ ਐਮ ਕੰਵਰਜੀਤ ਸਿੰਘ ਮਾਨ, ਜਿਲਾ ਸਿੱਖਿਆ ਕੋਆਰਡੀਨੇਟਰ ਦੇਵਰਾਜ ਸ਼ਰਮਾ, ਬਲਾਕ ਸਿੱਖਿਆ ਕੋਆਰਡੀਨੇਟਰ ਤਿਲਕ ਰਾਜ ਤੋਂ ਇਲਾਵਾ ਸਕੂਲ ਸਟਾਫ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।