ਮਾਲੇਰਕੋਟਲਾ,21 ਅਪ੍ਰੈਲ :ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ ਤਹਿਤ ਮਿਤੀ 25 ਅਪ੍ਰੈਲ ਨੂੰ ਮਾਲੇਰਕੋਟਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ(ਮੰਡੇ) ਵੱਲੋਂ ਨੁੱਕੜ ਨਾਟਕ ਦਾ ਵਿਸ਼ੇਸ਼ ਮੰਚਨ ਵੀ ਕੀਤਾ ਜਾਵੇਗਾ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਰੈਲੀ ਅਤੇ ਨੁੱਕੜ ਨਾਟਕ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ ।
ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਪੰਜਾਬ, ਖ਼ਾਸ ਕਰਕੇ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਬਣਾਉਣ ‘ਤੇ ਕੇਂਦਰਿਤ ਇੱਕ ਲੋਕ ਲਹਿਰ ਵਿੱਚ ਵਿਕਸਤ ਕਰਨ ਦਾ ਸਮਾਂ ਆ ਗਿਆ ਹੈ।ਅਧਿਕਾਰੀਆਂ ਨੂੰ ਸਮਾਗਮ ਦੇ ਸਫਲਤਾਪੂਰਵਕ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।
ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੁਰੱਖਿਆ, ਡਾਕਟਰੀ ਸੇਵਾਵਾਂ, ਟਰੈਫ਼ਿਕ ਪ੍ਰਬੰਧਨ, ਸਫ਼ਾਈ,ਪੀਣ ਯੋਗ ਪਾਣੀ, ਪਾਰਕਿੰਗ, ਅਤੇ ਅੱਗ ਸੁਰੱਖਿਆ ਪ੍ਰੋਟੋਕਾਲ ਸੰਬੰਧੀ ਵਿਆਪਕ ਪ੍ਰਬੰਧਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਮ ਲੋਕਾਂ, ਵਿਦਿਆਰਥੀਆਂ ਅਤੇ ਜਨਤਾ ਨੂੰ ਰੈਲੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ. ਅਸੁਵਿਧਾ ਨਾ ਹੋਵੇ । ਨਸ਼ਾ ਮੁਕਤ ਵਾਕਾਥੌਨ ਦੌਰਾਨ ਅਧਿਕਾਰੀ,ਅਧਿਆਪਕਾ ਆਪਣੀ ਸਮਾਜਿਕ ,ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੇ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਆਪਣੀ ਭੂਮਿਕਾ ਨਿਭਾਉਣ ।
ਇਸ ਮੌਕੇ ਐਸ.ਡੀ.ਐਮ.ਮਾਲੇਰਕੋਟਲਾ ਹਰਬੰਸ ਸਿੰਘ,ਐਸ.ਡੀ.ਆਮ.ਅਮਰਗੜ੍ਹ ਸੁਰਿੰਦਰ ਕੌਰ, ਐਸ.ਪੀ (ਐਚ) ਗੁਰਸ਼ਰਨਜੀਤ ਸਿੰਘ ਸੰਧੂ,ਡਿਪਟੀ ਮੈਡੀਕਲ ਅਫ਼ਸਰ ਡਾ ਰਿਸ਼ਮਾ ਭੌਰਾ,ਕਾਰਜਕਾਰੀ ਪ੍ਰਿੰਸੀਪਲ ਸਰਕਾਰੀ ਕਾਲਜ ਮਾਲੇਰਕੋਟਲਾ ਅਰਵਿੰਦ ਕੌਰ ਮੰਡ,ਪ੍ਰਿੰਸੀਪਲ ਸਰਕਾਰੀ ਕਾਲਜ ਅਮਰਗੜ੍ਹ ਮੀਨੂ,ਪ੍ਰਿੰਸੀਪਲ ਆਈ.ਟੀ.ਆਈ.ਮਾਲੇਰਕੋਟਲਾ ਕਮਲਜੀਤ ਸਿੰਘ, ਰਾਕੇਸ਼ ਕੌਰ,ਪ੍ਰਿੰਸੀਪਲ ਇਸਲਾਮੀਆ ਸਕੂਲ ਜਮੀਲ ਮੁਹੰਮਦ,ਤਹਿਸੀਲਦਾਰ ਲਵਦੀਪ ਸਿੰਘ,ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ,ਸੇਵਾ ਸਿੰਘ ਸੱਜਦ ਅਲੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ