ਜਲੰਧਰ, 21 ਅਪ੍ਰੈਲ- ਜਲੰਧਰ ਵਿਚ ਕਿਸ਼ਨਪੁਰਾ ਚੌਕ ਕੋਲ ਇਕ ਤੇਜ਼ ਰਫਤਾਰ ਕਾਰ ਨੇ 3 ਸਾਲਾ ਬੱਚੇ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਸ਼ਨਪੁਰਾ ਵਾਸੀ ਤ੍ਰਿਪੁਰ ਹੰਸ ਪੁੱਤਰ ਲੱਕੀ ਹੰਸ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਸਥਿਤ ਲੱਕੀ ਢਾਬੇ ਦੇ ਸੰਚਾਲਕ ਲੱਕੀ ਹੰਸ ਦਾ ਬੇਟਾ ਤ੍ਰਿਪੁਰ ਹੰਸ ਸੀ।
ਅੱਜ ਸਵੇਰੇ ਪਰਿਵਾਰ ਨਾਲ ਧਾਰਮਿਕ ਥਾਂ ‘ਤੇ ਜਾਣ ਲਈ ਘਰ ਦੇ ਬਾਹਰ ਗੱਡੀ ਵਿਚ ਬੈਠਣ ਲੱਗੇ ਸਨ ਕਿ ਉਦੋਂ ਤੇਜ਼ ਰਫਤਾਰ ਗੱਡੀ ਨੇ ਇਕ ਕੁੱਤੇ ਨੂੰ ਕੁਚਲ ਦਿੱਤਾ ਉਦੋਂ ਪਰਿਵਾਰ ਦਾ ਧਿਆਨ ਕੁੱਤੇ ਵਲ ਗਿਆ ਤਾਂ ਇੰਨੇ ਵਿਚ ਉਹ ਉਨ੍ਹਾਂ ਦੇ 3 ਸਾਲਾ ਬੱਚੇ ਨੂੰ ਵੀ ਕੁਚਲ ਗਿਆ। ਜਾਣਕਾਰੀ ਮੁਤਾਬਕ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਅੱਜ ਸਵੇਰੇ ਲਗਭਗ 7.39 ਵਜੇ ਦੀ ਹੈ। ਘਟਨਾ ਸਮੇਂ ਬੱਚੇ ਦਾ ਪਰਿਵਾਰ ਵੀ ਉਸ ਦੇ ਨਾਲ ਸੀ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਪੁਲਿਸ ਨੇ ਕਾਰ ਤਾਂ ਬਰਾਮਦ ਕਰ ਲਈ ਹੈ ਪਰ ਚਾਲਕ ਨੂੰ ਅਜੇ ਨਹੀਂ ਫੜਿਆ ਜਾ ਸਕਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮੰਨਤਾਂ ਮੰਗ ਕੇ ਬੱਚਾ ਮਿਲਿਆ ਸੀ ਤੇ 8 ਸਾਲ ਬਾਅਦ ਉਨ੍ਹਾਂ ਦੀ ਮੁਰਾਦ ਪਰੀ ਹੋਈ ਸੀ ਤੇ ਅੱਜ ਜਦੋਂ ਉਹ ਬੱਚੇ ਦਾ ਮੁੰਡਨ ਕਰਵਾਉਣ ਜਾ ਰਹੇ ਸਨ ਤਾਂ ਹਾਦਸਾ ਹੋ ਗਿਆ ਤੇ ਤੇਜ਼ ਰਫਤਾਰ ਗੱਡੀ ਨੇ ਬੱਚੇ ਨੂੰ ਕੁਚਲ ਦਿੱਤਾ।