ਕੁੱਲੂ, 12 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਰਾਸ਼ਟਰੀ ਰਾਜਮਾਰਗ 305 ਨੂੰ ਜੋੜਨ ਵਾਲਾ ਬੰਜਾਰ ਦਾ ਮੰਗਲੌਰ ਪੁਲ ਢਹਿ ਗਿਆ ਹੈ, ਜਿਸ ਕਾਰਨ ਹਾਈਵੇਅ 305 ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਮਿੰਟ ਨਾਲ ਭਰਿਆ ਇਕ ਟਰੱਕ ਪੁਲ ਤੋਂ ਲੰਘਣ ਕਾਰਨ ਹਾਈਵੇਅ ਪੁਲ ਢਹਿ ਗਿਆ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਡੀ.ਡੀ.ਐਮ.ਏ. ਕੁੱਲੂ ਦੇ ਅਨੁਸਾਰ, ਐਸ.ਡੀ.ਓ. ਬੰਜਾਰ (ਐਨਐਚ-305) ਤਾਹਿਲ ਸਿੰਘ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਇਕ ਵਿਕਲਪਿਕ ਰਸਤਾ ਬਣਾਉਣ ਲਈ ਮਸ਼ੀਨਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਗਲੇਰੀ ਕਾਰਵਾਈ ਜਾਰੀ ਹੈ। ਇਹ ਪੁਲ 1980 ਦੇ ਆਸਪਾਸ ਬਣਾਇਆ ਗਿਆ ਸੀ ਅਤੇ ਇਹ ਮੰਡੀ ਅਤੇ ਕੁੱਲੂ ਦੀ ਸਰਹੱਦ ਨੂੰ ਜੋੜਨ ਵਾਲਾ ਇਕੋ ਇਕ ਰਸਤਾ ਹੈ। ਪ੍ਰਸ਼ਾਸਨ ਇਕ ਅਸਥਾਈ ਪੁਲ ਪ੍ਰਬੰਧ ਬਾਰੇ ਗੱਲ ਕਰ ਰਿਹਾ ਹੈ, ਪਰ ਸਥਾਨਕ ਅਧਿਕਾਰੀਆਂ ਅਨੁਸਾਰ ਇਸ ਵਿਚ ਕਈ ਦਿਨ ਲੱਗ ਸਕਦੇ ਹਨ।