ਬਠਿੰਡਾ, ਅਪ੍ਰੈਲ 11, (ਵੀਰਪਾਲ ਕੌਰ)- ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੈਂਬਰ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਹੋਰ ਕੁਝ ਨਹੀਂ ਬਲਕਿ ਅਕਾਲੀ ਦਲ ਨੂੰ ਮੁੜ ਮੈਦਾਨ ਵਿਚ ਨਿਤਰਣ ਤੋਂ ਰੋਕਣ ਦਾ ਇੱਕ ਅਸਫਲ ਯਤਨ ਹੈ। ਉਨ੍ਹਾਂ ਨੇ ਕਿਹਾ ਕਿ ਰੰਧਾਵੇ ਦੀ ਇਸ ਸ਼ਿਕਾਇਤ ਤੋਂ ਇਹ ਸਾਫ਼ ਬਿਆਨ ਹੋ ਰਿਹਾ ਹੈ ਕਿ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਡਰਦੀ ਹੈ। ਝਿੰਜਰ ਨੇ ਕਿਹਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਪ੍ਰਧਾਨ ਖੜਗੇ ਦੇ ਇਸ਼ਾਰਿਆਂ ‘ਤੇ ਕੰਮ ਕਰਕੇ ਪੰਜਾਬ ਕਾਂਗਰਸ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਰਚ ਰਹੀ ਹੈ ਅਤੇ ਅਸੀਂ ਇਹ ਰਣਨੀਤੀ ਕਿਸੇ ਵੀ ਕੀਮਤ ‘ਚ ਕਾਮਯਾਬ ਨਹੀਂ ਹੋਣ ਦਿਆਂਗੇ। ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਝਿੰਜਰ ਨੇ ਕਿਹਾ ਕਿ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਵਲੋਂ ਕਈ ਵਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਹਮੇਸ਼ਾ ਇਹ ਕਰਨ ਚ ਨਾਕਾਮਯਾਬ ਰਹੀ ਹੈ ਅਤੇ ਸੁਖਜਿੰਦਰ ਰੰਧਾਵਾ ਵੀ ਇਸੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਅਸੀਂ ਨਹੀਂ ਹੋਣ ਦਿਆਂਗੇ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਚੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਲ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਸ਼ਾਸਕੀ ਬਲਾਕ ਦਾ ਹਿੱਸਾ ਹੈ ਤੇ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਇਸ ਹਾਲ ਵਿਚ ਹੀ ਹੋਵੇਗੀ ਅਤੇ ਨਾਲ ਹੀ ਅਕਾਲੀ ਦਲ ਨੇ ਹਾਲ ਵਿਚ ਮੀਟਿੰਗ ਕਰਨ ਵਾਸਤੇ ਅਗਾਊਂ ਪ੍ਰਵਾਨਗੀ ਵੀ ਲੈ ਲਈ ਹੈ। ਇਸ ਕਰਕੇ ਕਾਂਗਰਸ ਪਾਰਟੀ ਸਾਡੀ ਪਾਰਟੀ ਦੇ ਬੇਤੁਕੇ ਇਲਜ਼ਾਮ ਲਾਉਣੇ ਬੰਦ ਕਰੇ।