ਮਾਲੇਰਕੋਟਲਾ 11 ਅਪ੍ਰੈਲ: ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ 135 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸ਼ਰਧਾਂਜਲੀ ਸਮਾਰੋਹ ਸਥਾਨਕ ਸਰਕਾਰੀ ਕਾਲਜ ਵਿਖੇ ਆਯੋਜਿਤ ਹੋਣ ਵਾਲੇ ਸਮਾਗਮ ਦੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਸਮਾਰੋਹ ਦੀਆਂ ਤਿਆਰੀਆਂ ਬੇਹਤਰੀਨ ਅਤੇ ਸੁਚਾਰੂ ਰੂਪ ਕੀਤੀਆਂ ਜਾਣ ਤਾਂ ਜੋ ਬਾਬਾ ਸਾਹਿਬ ਨੂੰ ਯੋਗ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਡਾ.ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਨਿਰਮਾਤਾ ਹੋਣ ਦੇ ਨਾਲ-ਨਾਲ ਸਮਾਜਿਕ ਸਮਰਸਤਾ,ਬਰਾਬਰੀ ਅਤੇ ਨਿਆਂ ਦੇ ਲਈ ਜੋ ਯੋਗਦਾਨ ਦਿੱਤਾ, ਉਹ ਸਦਾ ਯਾਦਗਾਰ ਰਹੇਗਾ। ਇਸ ਮੌਕੇ ਉਨ੍ਹਾਂ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਤੋਂ ਨੌਜਵਾਨ ਪੀੜ੍ਹੀ ਨੂੰ ਸਿੱਖਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਸਮਾਗਮ ਵਾਲੇ ਸਥਾਨ ਦੀ ਸਫਾਈ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬੈਠਕ ਦੇ ਇੰਤਜ਼ਾਮ, ਟ੍ਰੈਫਿਕ ਕੰਟਰੋਲ ਅਤੇ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ, ਜਦਕਿ ਨਗਰ ਕੌਸਲ ਨੂੰ ਸਥਲ ਦੀ ਸਫਾਈ ਅਤੇ ਸਜਾਵਟ ਸੰਬੰਧੀ ਹੁਕਮ ਦਿੱਤੇ । ਉਨ੍ਹਾਂ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ । ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸ਼ਰਧਾਂਜਲੀ ਸਮਾਰੋਹ ਦੀਆਂ ਤਿਆਰੀਆਂ ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ।
ਉਨ੍ਹਾਂ ਹੋਰ ਕਿਹਾ ਕਿ ਬਾਬਾ ਸਾਹਿਬ ਦੀ ਯਾਦ ‘ਚ ਆਯੋਜਿਤ ਇਹ ਸਮਾਰੋਹ ਸਿਰਫ ਇੱਕ ਰਸਮੀ ਕਾਰਜਕ੍ਰਮ ਨਹੀਂ, ਸਗੋਂ ਉਹਨਾਂ ਦੀਆਂ ਸੋਚਾਂ ਨੂੰ ਅਮਲ ਵਿੱਚ ਲਿਆਉਣ ਦੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ,ਡੀ.ਐਸ.ਪੀ.ਰਣਜੀਤ ਸਿੰਘ, ਅਰਵਿੰਦ ਸੋਹੀ,ਤਹਿਸੀਲ ਭਲਾਈ ਅਫ਼ਸਰ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।