ਫਾਜ਼ਿਲਕਾ 7 ਅਪ੍ਰੈਲ 2025… ਸਰਕਾਰੀ ਮਿਡਲ ਸਕੂਲ ਦੌਲਤਪੁਰਾ ਵਿੱਚ ਹੋਏ ਸਲਾਨਾ ਸਮਾਗਮ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਇੱਕ ਪ੍ਰਭਾਵਸ਼ਾਲੀ ਨਾਟਕ ‘ਜਨਕ’ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੇ ਦਰਸ਼ਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡੀ। ਇਸ ਨਾਟਕ ਨੂੰ ਕਸ਼ਮੀਰ ਲੂਨਾ ਨੇ ਲਿਖਿਆ ਤੇ ਨਿਰਦੇਸ਼ਨ ਹਨੀ ਉਤਰੇਜਾ ਵੱਲੋਂ ਕੀਤੀ ਗਈ।
ਨਾਟਕ ‘ਜਨਕ’ਵਿਸ਼ੇਸ਼ ਤੌਰ ‘ਤੇ ਦਿਵਿਆਂਗ ਬੱਚਿਆਂ ਦੇ ਜੀਵਨ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸਮਾਜ ਵਿਚ ਉਨ੍ਹਾਂ ਦੀ ਸਵੀਕਾਰਤਾ ਬਾਰੇ ਸੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਫ਼ਾਜ਼ਿਲਕਾ . ਭੁਪਿੰਦਰ ਉਤਰੇਜਾ ਨੇ ਨਾਟਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੇਸ਼ਕਸ਼ ਸਿਰਫ ਰੰਗਮੰਚੀ ਪ੍ਰਦਰਸ਼ਨ ਨਹੀਂ ਸੀ, ਸਗੋਂ ਇਹ ਇਕ ਸੋਚ ਵੱਲ ਮੋੜਨ ਵਾਲੀ ਕੋਸ਼ਿਸ਼ ਸੀ ਜੋ ਸਮਾਜ ਨੂੰ ਦਿਵਿਆਂਗਤਾ ਵੱਲ ਇੱਕ ਸਹਿਯੋਗੀ ਦ੍ਰਿਸ਼ਟਿਕੋਣ ਨਾਲ ਦੇਖਣ ਲਈ ਪ੍ਰੇਰਿਤ ਕਰਦੀ ਹੈ।
ਨਾਟਕ ਦਾ ਨਿਰਦੇਸ਼ਨ ਸੰਗੀਤ ਕੁਲਜੀਤ ਭੱਟੀ ਵੱਲੋਂ ਕੀਤੀ ਗਈ ਸੀ, ਜਿਸ ਨੇ ਨਾਟਕ ਦੀ ਭਾਵਨਾਤਮਕ ਗੂੰਜ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ।ਸਟੇਜ ‘ਤੇ ਨੌਜਵਾਨ ਬੱਚਿਆਂ ਵੱਲੋਂ ਕੀਤੀ ਗਈ ਅਦਾਕਾਰੀ ਨੇ ਹਾਜ਼ਰ ਦਰਸ਼ਕਾਂ ਨੂੰ ਮੁਗਧ ਕਰ ਦਿੱਤਾ। ਹਰ ਚਿਹਰੇ ‘ਤੇ ਨਾਟਕ ਦੇ ਦ੍ਰਿਸ਼ਾਂ ਦਾ ਪ੍ਰਭਾਵ ਸਾਫ਼ ਨਜਰ ਆ ਰਿਹਾ ਸੀ।
ਇਸ ਮੌਕੇ ਤੇ ਪਿੰਡ ਦੀ ਸਮੂਹ ਪੰਚਾਇਤ, ਸਥਾਨਕ ਨਾਗਰਿਕ , ਮਾਪਿਆਂ ਅਤੇ ਸਕੂਲ ਸਟਾਫ ਦੀ ਭਰਪੂਰ ਹਾਜ਼ਰੀ ਰਹੀ।ਹਰੇਕ ਵਿਅਕਤੀ ਨੇ ਨਾਟਕ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੀ ਇਸ ਉਤਸ਼ਾਹਜਨਕ ਕਾਰਜ ਦੀ ਸਰਾਹਨਾ ਕੀਤੀ।
ਸਕੂਲ ਦੇ ਮੁਖੀ ਸੰਜੀਵ ਗਿਲੋਤਰਾ ਨੇ ਸਮੂਹ ਪਿੰਡ ਵਾਸੀਆਂ, ਵਿਸ਼ੇਸ਼ ਤੌਰ ‘ਤੇ ਨਟਰੰਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਬੱਚਿਆਂ ਦੇ ਮਨੋਰੰਜਨ ਲਈ ਹਨ, ਸਗੋਂ ਉਨ੍ਹਾਂ ਦੇ ਚਰਿੱਤਰ ਨਿਰਮਾਣ ਅਤੇ ਸਮਾਜਿਕ ਜਾਗਰੂਕਤਾ ਵਧਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।
ਇਸ ਨਾਟਕ ਰਾਹੀਂ ਜਿੱਥੇ ਬੱਚਿਆਂ ਨੂੰ ਰੰਗਮੰਚੀ ਕਲਾ ਨਾਲ ਜੋੜਨ ਦਾ ਮੌਕਾ ਮਿਲਿਆ, ਉਥੇ ਹੀ ਪਿੰਡ ਵਾਸੀਆਂ ਨੂੰ ਵੀ ਦਿਵਿਆਂਗਤਾ ਵਰਗੇ ਸਮਾਜਕ ਮੁੱਦਿਆਂ ਉੱਤੇ ਸੋਚਣ ਲਈ ਵਧੀਆ ਪਲੇਟਫਾਰਮ ਪ੍ਰਾਪਤ ਹੋਇਆ। ‘ਜਨਕ’ਨਾਟਕ ਨੇ ਦਰਸਾ ਦਿੱਤਾ ਕਿ ਕਲਾ ਰਾਹੀਂ ਵੀ ਸਮਾਜ ਵਿਚ ਬਦਲਾਅ ਲਿਆਉਣਾ ਸੰਭਵ ਹੈ।
ਇਸ ਮੌਕੇ ਉੱਤੇ ਵਿਸ਼ੇਸ਼ ਮਹਿਮਾਨਾਂ ਵਜੋਂ ਰਾਮ ਸਿੰਘ ਬਰਾੜ, ਸਤੀਸ਼ ਮਿਗਲਾਨੀ, ਨੀਰਜ ਗਾਬਾ, ਸਰਨਜੀਤ ਸਿੰਘ, ਪ੍ਰਵੀਨ ਕੁਮਾਰ, ਪੂਰਨ ਚੰਦ ਅਤੇ ਨਟਰੰਗ ਅਬੋਹਰ ਦੇ ਸਹਿਯੋਗੀ ਕਲਾਕਾਰ ਵਿਕਾਸ ਬਤਰਾ, ਸੰਦੀਪ ਸ਼ਰਮਾ, ਸੰਜੇ ਚਾਨਨਾ ਨਨਾ ਅਤੇ ਸੁਨੀਲ ਵਰਮਾ ਵੀ ਹਾਜ਼ਰ ਰਹੇ।