ਅਮਰੀਕਾ, 4 ਅਪ੍ਰੈਲ : ਅਮਰੀਕਾ ਵਿਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਚਾਨਕ ਉਨ੍ਹਾਂ ਦੇ F-1 ਵੀਜ਼ਾ ਯਾਨੀ ਕਿ ਵਿਦਿਆਰਥੀ ਵੀਜ਼ਾ ਰੱਦ ਕਰਨ ਸਬੰਧੀ ਇਕ ਈਮੇਲ ਪ੍ਰਾਪਤ ਹੋਈ ਹੈ। ਇਹ ਈ-ਮੇਲ ਅਮਰੀਕੀ ਵਿਦੇਸ਼ ਵਿਭਾਗ (DoS) ਦੁਆਰਾ ਮਾਰਚ ਦੇ ਆਖ਼ਰੀ ਹਫ਼ਤੇ ਭੇਜੀ ਗਈ ਹੈ।
ਇਹ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਗਈ ਹੈ ਜੋ ਕੈਂਪਸ ਐਕਟੀਵਿਜ਼ਮ ਯਾਨੀ ਕੈਂਪਸ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਸਨ। ਰਿਪੋਰਟਾਂ ਦੇ ਅਨੁਸਾਰ, ਅਜਿਹੇ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਭੇਜੇ ਗਏ ਹਨ, ਜੋ ਭਾਵੇਂ ਕੈਂਪਸ ਸਰਗਰਮੀ ਵਿਚ ਸ਼ਾਮਲ ਨਹੀਂ ਸਨ, ਪਰ ਸੋਸ਼ਲ ਮੀਡੀਆ ‘ਤੇ ‘ਇਜ਼ਰਾਈਲ ਵਿਰੋਧੀ’ ਪੋਸਟਾਂ ਨੂੰ ਸਾਂਝਾ, ਪਸੰਦ ਜਾਂ ਟਿੱਪਣੀ ਕਰਦੇ ਸਨ।
ਈ-ਮੇਲ ਵਿਚ ਕਿਹਾ ਗਿਆ ਸੀ ਕਿ ਵਿਦਿਆਰਥੀਆਂ ਦੇ F-1 ਵੀਜ਼ੇ ਰੱਦ ਕਰ ਦਿਤੇ ਗਏ ਹਨ। ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦਿੰਦੇ ਹੋਏ ਅਪਣੇ ਆਪ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਵੀ ਦਿਤੀ ਗਈ ਹੈ।
ਅਮਰੀਕੀ ਸਰਕਾਰ AI ਨਾਲ ‘ਕੈਚ ਐਂਡ ਰਿਵੋਕ’ ਐਪ ਦੀ ਮਦਦ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਉ ਦੇ ਅਨੁਸਾਰ, 26 ਮਾਰਚ ਤਕ, 300 ਤੋਂ ਵੱਧ ‘ਹਮਾਸ-ਸਮਰਥਕ’ ਵਿਦਿਆਰਥੀਆਂ ਦੇ F-1 ਵੀਜ਼ੇ ਰੱਦ ਕਰ ਦਿਤੇ ਗਏ ਸਨ। ਇਸ ਵਿਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।