ਨਵੀਂ ਦਿੱਲੀ, 29 ਮਾਰਚ- ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੇ ਹਿੰਡਨ ਹਵਾਈ ਸੈਨਾ ਸਟੇਸ਼ਨ ਤੋਂ ਮਿਆਂਮਾਰ ਲਈ ਉਡਾਣ ਭਰੀ। ਸੂਤਰਾਂ ਅਨੁਸਾਰ, ਭੁਚਾਲ ਪ੍ਰਭਾਵਿਤ ਮਿਆਂਮਾਰ ਨੂੰ ਭੇਜੀ ਜਾ ਰਹੀ 15 ਟਨ ਰਾਹਤ ਸਮੱਗਰੀ ਵਿਚ ਤੰਬੂ, ਸਲੀਪਿੰਗ ਬੈਗ, ਕੰਬਲ, ਖਾਣ ਲਈ ਤਿਆਰ ਭੋਜਨ, ਪਾਣੀ ਸ਼ੁੱਧ ਕਰਨ ਵਾਲੇ ਯੰਤਰ, ਸੂਰਜੀ ਲੈਂਪ, ਜਨਰੇਟਰ ਸੈੱਟ ਅਤੇ ਜ਼ਰੂਰੀ ਦਵਾਈਆਂ ਸ਼ਾਮਿਲ ਹਨ।
ਅਮਰੀਕਾ ਤੇ ਚੀਨ ਆਇਆ ਅੱਗੇ
ਮਿਆਂਮਾਰ ਦੀ ਫੌਜੀ ਸਰਕਾਰ ਨੇ ਭੁਚਾਲ ਰਾਹਤ ਕਾਰਜਾਂ ਲਈ ਦੁਨੀਆ ਭਰ ਤੋਂ ਮਦਦ ਦੀ ਅਪੀਲ ਕੀਤੀ ਹੈ। 2021 ਤੋਂ ਸੱਤਾ ਵਿਚ ਆਈ ਫੌਜੀ ਸਰਕਾਰ ਦੇ ਸ਼ਾਸਨ ਦੌਰਾਨ ਇੱਥੇ 6.2 ਅਤੇ 6.4 ਤੀਬਰਤਾ ਦੇ ਵੱਡੇ ਭੁਚਾਲ ਆਏ ਹਨ। ਇਸ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਭੁਚਾਲ ਪ੍ਰਭਾਵਿਤ ਮਿਆਂਮਾਰ ਦੀ ਮਦਦ ਕਰੇਗਾ। ਟਰੰਪ ਨੇ ਕਿਹਾ ਕਿ ਮਿਆਂਮਾਰ ਵਿਚ ਜੋ ਹੋਇਆ ਉਹ ਬਹੁਤ ਭਿਆਨਕ ਸੀ। ਅਸੀਂ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਾਂ। ਮਦਦ ਜਲਦੀ ਹੀ ਪਹੁੰਚੇਗੀ। ਇਸ ਦੇ ਨਾਲ ਹੀ ਚੀਨ ਨੇ ਮਿਆਂਮਾਰ ਵਿਚ ਰਾਹਤ ਕਾਰਜਾਂ ਲਈ 37 ਮੈਂਬਰਾਂ ਦੀ ਇਕ ਟੀਮ ਭੇਜੀ ਹੈ। ਇਸ ਟੀਮ ਕੋਲ ਐਮਰਜੈਂਸੀ ਬਚਾਅ ਉਪਕਰਣਾਂ ਦੇ 112 ਸੈੱਟ ਹਨ, ਜਿਸ ਵਿਚ ਭੁਚਾਲ ਚਿਤਾਵਨੀ ਪ੍ਰਣਾਲੀ ਅਤੇ ਡਰੋਨ ਸ਼ਾਮਿਲ ਹਨ।