ਅੰਮ੍ਰਿਤਸਰ, 28 ਮਾਰਚ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣਾ ਵਿੱਤੀ ਸਾਲ 2025-26 ਲਈ ਆਪਣਾ ਬਜਟ ਪਾਸ ਕੀਤਾ ਹੈ। ਬਜਟ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵਲੋਂ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਦਾ ਬਜਟ ਪੇਸ਼ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਮਿਤ ਸ਼ਰਧਾਂਜਲੀ ਮਤਾ ਪੇਸ਼ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਜੇ ਤੱਕ ਇਸ ਵਿਚ ਸ਼ਾਮਿਲ ਨਹੀਂ ਹੋਏ ਹਨ।
ਅਰਦਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵੱਲੋਂ ਸਾਲ 2025-26 ਲਈ 1386 ਕਰੋੜ 47 ਲੱਖ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਵਿਚ ਜਨਰਲ ਬੋਰਡ ਫੰਡ ਲਈ 86 ਕਰੋੜ ਰੁਪਏ ਰੱਖੇ ਗਏ। ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ 400 ਕਰੋੜ ਰਾਖਵੇਂ ਰੱਖੇ ਗਏ ਜਿਨ੍ਹਾਂ ਵਿਚ ਗੁਰਦੁਆਰਾ ਪ੍ਰਬੰਧ ਤੇ ਰੱਖ ਰਖਾਅ, ਸਿੱਖਿਆ ਉਪਰਾਲੇ, ਸਿਹਤ ਸੇਵਾਵਾਂ, ਸਮਾਜਿਕ ਭਲਾਈ ਪ੍ਰੋਗਰਾਮ, ਮੀਡੀਆ ਤੇ ਆਊਟਰੀਚ ਤੇ ਕਾਨੂੰਨੀ ਤੇ ਵਕਾਲਤ ਉਪਰਾਲੇ ਸ਼ਾਮਲ ਹਨ।
ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿਚ 1984 ਪੀੜਤਾਂ, ਧਰਮੀ ਫੌਜੀਆਂ, ਬੰਦੀ ਸਿੰਘਾਂ ਤੇ ਮੁਲਾਜ਼ਮਾਂ ਲਈ ਵਿਸ਼ੇਸ਼ ਫੰਡ ਰੱਖਿਆ ਗਿਆ। ਸਿੱਖਿਆ ਲਈ 55 ਕਰੋੜ 80 ਲੱਖ ਰੁਪਏ, ਧਰਮ ਪ੍ਰਚਾਰ ਲਈ 1 ਅਰਬ 10 ਕਰੋੜ ਰੁਪਏ, ਖੇਡਾਂ ਲਈ 3 ਕਰੋੜ 9 ਲੱਖ ਰੁਪਏ ਦਾ ਫ਼ੰਡ, – ਪ੍ਰਿੰਟਿੰਗ ਪ੍ਰੈਸ ਲਈ 8 ਕਰੋੜ 12 ਲੱਖ ਰੁਪਏ ਅਤੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਲਈ 5 ਕਰੋੜ 50 ਲੱਖ ਰੁਪਏ ਰਾਖਵੇਂ ਰੱਖੇ ਗਏ। ਨਵੀਆਂ ਸਰਾਵਾਂ ਲਈ ਬਜਟ ‘ਚ 25 ਕਰੋੜ ਰੁਪਏ ਅਤੇ ਧਰਮ ਪ੍ਰਚਾਰ ਲਈ 1 ਅਰਬ 10 ਕਰੋੜ ਰੁਪਏ ਬਜਟ ‘ਚ ਰੱਖੇ ਗਏ।ਖੇਡ ਵਿਭਾਗ ਲਈ ਲਈ ਬਜਟ ‘ਚ 3 ਕਰੋੜ 9 ਲੱਖ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿਚ ਖੇਡ ਵਿਭਾਗ ਦੇ ਸਟਾਫ ਦੀ ਤਨਖਾਹ, ਖਿਡਾਰੀਆਂ ਸਕੂਲ ਫੀਸਾਂ ਤੇ ਤਨਖਾਹਾਂ ਅਤੇ ਖੇਡ ਵਿਭਾਗ ਦੀ ਸਾਂਭ-ਸੰਭਾਲ, ਸਾਜੋ-ਸਮਾਨ ਆਦਿ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਤੇ ਕਾਰਜ ਖੇਤਰ ਤੈਅ ਕਰਨ ਲਈ ਮਤਾ ਪ੍ਰਵਾਨ ਕੀਤਾ ਗਿਆ ਹੈ। ਇਸ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਤਾਇਨਾਤ ਕੀਤੀ ਗਈ।
ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਨੇ ਵਿੱਤੀ ਸਾਲ 2024-25 ਲਈ 1,260.97 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ। ਇਸ ਬਜਟ ਵਿੱਚ ਗੁਰਦੁਆਰਿਆਂ, ਵਿਦਿਅਕ ਅਦਾਰਿਆਂ ਦੇ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਦੇ ਕੰਮਾਂ ਨੂੰ ਪਹਿਲ ਦਿੱਤੀ ਗਈ ਹੈ। ਗੁਰਦੁਆਰਿਆਂ ਦੇ ਰੱਖ-ਰਖਾਅ ਅਤੇ ਸੰਚਾਲਨ ਲਈ 994.51 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ, ਜਦੋਂ ਕਿ ਵਿਦਿਅਕ ਸੰਸਥਾਵਾਂ ਲਈ 251 ਕਰੋੜ ਰੁਪਏ ਰੱਖੇ ਗਏ ਸਨ। ਧਾਰਮਿਕ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ 100 ਕਰੋੜ ਰੁਪਏ ਰੱਖੇ ਗਏ ਸਨ, ਜਿਸ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੱਖ-ਵੱਖ ਪ੍ਰੋਗਰਾਮਾਂ, ਇਤਿਹਾਸਕ ਗੁਰਪੁਰਬਾਂ ਦਾ ਆਯੋਜਨ ਅਤੇ ਸੰਗਤ ਨੂੰ ਜਾਗਰੂਕ ਕੀਤਾ ਗਿਆ ਸੀ।