ਅੰਮ੍ਰਿਤਸਰ, 28 ਮਾਰਚ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਦਾ ਬਜਟ ਇਜਲਾਸ ਸੰਪੰਨ ਹੋ ਗਿਆ ਹੈ। ਇਜਲਾਸ ਵਿਚੋਂ ਵਾਕ ਆਊਟ ਕਰਕੇ ਆਏ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰਾਂ ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਸੁਖਦੇਵ ਸਿੰਘ ਭੌਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕਿਰਨਜੋਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਮੰਗ ਨੂੰ ਲੈ ਕੇ ਉਨ੍ਹਾਂ ਵਲੋਂ ਇਕ ਮੰਗ ਪੱਤਰ ਬੀਤੇ ਦਿਨੀ ਪੇਸ਼ ਕੀਤਾ ਗਿਆ ਸੀ, ਉਸ ਸੰਬੰਧੀ ਅੱਜ ਦੇ ਇਜਲਾਸ ਵਿਚ ਕੋਈ ਏਜੰਡਾ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਮੁੜ ਜਨਰਲ ਇਜਲਾਸ ਸੱਦਣ ਦੀ ਮੰਗ ਕਰਨਗੇ।
ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਤੇ ਮੈਂਬਰਾਂ ਨੇ ਬਜਟ ਇਜਲਾਸ ਦਰਮਿਆਨ ਬਜਟ ਪਾਸ ਹੋਣ ਤੋਂ ਬਾਅਦ ਜਥੇਦਾਰਾਂ ਨੂੰ ਬਹਾਲ ਕਰਨ ਸਬੰਧੀ 10 ਫਰਵਰੀ ਤੇ 7 ਮਾਰਚ ਦੇ ਅੰਤ੍ਰਿੰਗ ਕਮੇਟੀ ਦੇ ਮਤਿਆਂ ਨੂੰ ਰੱਦ ਕਰਨ ਦੇ ਮਤੇ ਸਬੰਧੀ ਚਰਚਾ ਨਾ ਕਰਨ ਤੇ ਬਾਈਕਾਟ ਕੀਤਾ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਆ ਕੇ ਰੋਸ ਧਰਨਾ ਵੀ ਦਿੱਤਾ।ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਤੇ ਹੋਰਨਾਂ ਨੇ ਕਿਹਾ ਕਿ ਉਹਨਾਂ ਵੱਲੋਂ 42 ਦੇ ਕਰੀਬ ਮੈਂਬਰਾਂ ਨੇ ਦਸਤਖਤ ਕਰਕੇ ਜਥੇਦਾਰਾਂ ਸਬੰਧੀ ਪਿਛਲੇ ਸਮੇਂ ਵਿੱਚ 10 ਫਰਵਰੀ ਤੇ 7 ਮਾਰਚ ਨੂੰ ਪਾਏ ਗਏ ਮਤਿਆਂ ਨੂੰ ਰੱਦ ਕਰਾਉਣ ਦੀ ਮੰਗ ਰੱਖੀ ਸੀ। ਇਸ ਮਤੇ ਨੂੰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਚਾਰਿਆਂ ਨਹੀਂ ਗਿਆ ਅਤੇ ਉਹਨਾਂ ਦੇ ਨਾਲ ਜਨਰਲ ਇਜਲਾਸ ਵਿੱਚ ਬਦਸਲੂਕੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ ਉਪਰੋਕਤ ਮਤੇ ਤੇ ਵਿਚਾਰ ਲਈ ਸੱਦਿਆ ਜਾਵੇ। ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਵਿਸ਼ੇਸ਼ ਇਜਲਾਸ ਨੂੰ ਨਹੀਂ ਸੱਦ ਦੇ ਤਾਂ 15 ਮੈਂਬਰ ਨੂੰ ਅਧਿਕਾਰ ਹੈ ਕਿ ਉਹ ਆਪਣੇ ਤੌਰ ਤੇ ਜਨਰਲ ਇਜਲਾਸ ਸੱਦ ਸਕਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਪ੍ਰਧਾਨ ਵੱਲੋਂ ਜਨਰਲ ਇਜਲਾਸ ਨਹੀਂ ਸੱਦਿਆ ਜਾਂਦਾ ਤਾਂ 15 ਮੈਂਬਰ ਆਪਣਾ ਅਧਿਕਾਰ ਵਰਤ ਕੇ ਜਨਰਲ ਇਜਲਾਸ ਸੱਦ ਕੇ ਉਪਰੋਕਤ ਮੱਤੇ ਤੇ ਵਿਚਾਰ ਚਰਚਾ ਕਰਨਗੇ |