-ਭਾਈ ਬੱਬਰ ਤੇ ਪਰਿਵਾਰ ਦੀਆਂ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਰੱਤੇ ਇਤਿਹਾਸ ਦਾ ਇਕ ਅੰਗ- ਪੰਚ ਪ੍ਰਧਾਨੀ ਪੰਥ ਸੇਵਕ ਜਥਾ
ਬਠਿੰਡਾ, 28 ਮਾਰਚ (ਵੀਰਪਾਲ ਕੌਰ) ਮੌਜੂਦਾ ਸਮੇਂ ਖਾਲਸਤਾਨ ਲਈ 1978 ਤੋਂ ਸ਼ੁਰੂ ਹੋਏ ਸੰਘਰਸ਼ ਤੋਂ ਹੀ ਭਾਈ ਮਹਿਲ ਸਿੰਘ ਬੱਬਰ ਤੇ ਇਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਦਾ ਸਿੱਖ ਇਤਿਹਾਸ ’ਚ ਇਕ ਅਹਿਮ ਸਥਾਨ ਹੈ। ਬੱਬਰ ਖਾਲਸਾ ਇੰਟਰਨੈਸਨਲ ਜਥੇਬੰਦੀ ਦੇ ਆਗੂ ਭਾਈ ਮਹਿਲ ਸਿੰਘ ਬੱਬਰ ਸਾਰੀ ਉਮਰ ਜਲਾਵਤਨੀ ਭੋਗ ਕੇ ਬੇਵਤਨ ਹੀ ਗੁਰਪੁਰੀ ਸੁਧਾਰ ਗਏ, ਉਹਨਾਂ ਨੂੰ ਸੱਚੀ ਸਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਹਨਾਂ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਮਿਥੇ ਨਿਸ਼ਾਨੇ ’ਤੇ ਕਾਇਮ ਰਹੀਏ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਚ ਪ੍ਰਧਾਨੀ ਪੰਥ ਸੇਵਕ ਜਥੇ ਦੇ ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਜੀ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਨਰਾਇਣ ਸਿੰਘ ਚੌੜਾ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਅਮਰੀਕ ਸਿੰਘ ਈਸੜੂ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸੁਖਦੇਵ ਸਿੰਘ ਡੋਡ, ਭਾਈ ਮਨਜੀਤ ਸਿੰਘ ਫਗਵਾੜਾ ਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਜਾਰੀ ਆਪਣੇ ਪ੍ਰੈਸ ਬਿਆਨ ਵਿਚ ਕਰਦਿਆ ਕਿਹਾ ਕਿ ਖਾੜਕੂ ਸੰਘਰਸ਼ ਦੇ ਜਰਨੈਲਾਂ ਵਿਚ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਭਾਈ ਮਹਿਲ ਸਿੰਘ ਬੱਬਰ ਵੱਡੇ ਭਰਾ ਸਨ ਤੇ ਉਹਨਾਂ ਨੇ ਪੰਜ ਦਹਾਕੇ ਸਿੱਖ ਸੰਘਰਸ਼ ਦੇ ਲੇਖੇ ਲਾਏ ਇਸ ਹਥਿਆਰਬੰਦ ਲਹਿਰ ਵਿਚ ਉਹਨਾਂ ਦੇ ਯੋਗਦਾਨ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ।
ਉਹਨਾਂ ਦੱਸਿਆ ਕਿ ਭਾਈ ਬੱਬਰ ਦੀ ਉਮਰ 85 ਸਾਲ ਦੀ ਸੀ।ਜਿਕਰਯੋਗ ਹੈ ਕਿ ਭਾਈ ਮਹਿਲ ਸਿੰਘ ਬੱਬਰ 1986 ਦੀ ਪੰਥਕ ਕਮੇਟੀ ਦਾ ਅਹਿਮ ਹਿੱਸਾ ਸਨ ਤੇ ਹਥਿਆਰਬੰਦ ਖਾੜਕੂਆਂ ਦੀ ਮੋਹਰੀ ਕਤਾਰ ’ਚ ਉਹਨਾਂ ਦਾ ਨਾਂ ਬੋਲਦਾ ਸੀ, ਉਹ ਜਿਲ੍ਹਾ ਤਰਨ ਤਾਰਨ ਦੀ ਭਿੰਖੀਵਿੰਡ ਤਹਿਸੀਲ ’ਚ ਪੈਂਦੇ ਪਿੰਡ ਦਾਸੂਵਾਲ ਦੇ ਜੰਮਪਲ ਸਨ ਤੇ ਉਹਨਾਂ ਦੇ ਛੋਟੇ ਭਰਾ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ 14 ਸਾਲ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਮੁਖੀ ਰਹੇ ਜਿਹਨਾਂ ਨੇ ਜੰਗਜੂ ਕਾਰਵਾਈਆਂ ਨੂੰ ਅੰਜਾਮ ਦਿੱਤਾ। ਪੰਚ ਪ੍ਰਧਾਨੀ ਪੰਥ ਸੇਵਕ ਜਥਾ ਨੇ ਕਿਹਾ ਕਿ ਭਾਈ ਮਹਿਲ ਸਿੰਘ ਬੱਬਰ ਦਾ ਸਿੱਖ ਕੌਮ ਦੀ ਆਜ਼ਾਦੀ ਪ੍ਰਤੀ ਸੰਘਰਸ਼, ਸਮਰਪਣ, ਵਚਨਬੱਧਤਾ, ਮੌਤ ਤੋਂ ਬੇਖੋਫ ਤੇ ਸੰਘਰਸ਼ ’ਚ ਦਲੇਰੀ ਤੇ ਦ੍ਰਿੜਤਾ ਸਿੱਖ ਕੌਮ ਦੀਆਂ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।