ਫ਼ਰੀਦਾਬਾਦ, 27 ਮਾਰਚ : ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਦੀ ਵਿਸ਼ਨੂੰ ਕਲੋਨੀ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਇਕ ਮਹਿਲਾ ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
34 ਸਾਲਾ ਡਾਕਟਰ ਪ੍ਰਿਅੰਕਾ ਦਾ ਕਤਲ ਤੋਂ ਬਾਅਦ ਕਰੀਬ 10 ਘੰਟੇ ਤੱਕ ਲਾਸ਼ ਕਲੀਨਿਕ ਦੇ ਉਪਰਲੇ ਕਮਰੇ ‘ਚ ਪਈ ਰਹੀ, ਪਰ ਕਿਸੇ ਨੂੰ ਪਤਾ ਵੀ ਨਹੀਂ ਲੱਗਾ। ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਕਲੀਨਿਕ ਪਹੁੰਚੇ ਤਾਂ ਕਮਰੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਦੇਖ ਕੇ ਹੈਰਾਨ ਰਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਿਅੰਕਾ ਨਾਲ ਸਵੇਰੇ 11 ਵਜੇ ਫ਼ੋਨ ‘ਤੇ ਗੱਲ ਹੋਈ ਸੀ। ਇਸ ਤੋਂ ਬਾਅਦ ਵਾਰ-ਵਾਰ ਫ਼ੋਨ ਕਰਨ ‘ਤੇ ਵੀ ਫ਼ੋਨ ਬੰਦ ਪਾਇਆ ਗਿਆ। ਜਦੋਂ ਪਰਿਵਾਰਕ ਮੈਂਬਰ ਰਾਤ 9 ਵਜੇ ਖ਼ੁਦ ਕਲੀਨਿਕ ਪਹੁੰਚੇ ਅਤੇ ਦੇਖਣ ਲਈ ਉੱਪਰ ਗਏ ਤਾਂ ਪ੍ਰਿਅੰਕਾ ਦੀ ਲਾਸ਼ ਬੈੱਡ ਦੇ ਨਾਲ ਪਈ ਮਿਲੀ। ਕਮਰੇ ਵਿਚ ਸਾਰੇ ਪਾਸੇ ਖੂਨ ਖਿਲਰਿਆ ਪਿਆ ਸੀ।
ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਦੀ ਭੈਣ ਪੂਜਾ ਨੇ ਦੱਸਿਆ ਕਿ ਪ੍ਰਿਅੰਕਾ ਨੂੰ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਦੇ ਖ਼ਿਲਾਫ਼ ਆਦਰਸ਼ ਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਪੁਲਿਸ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਮਾਮਲਾ ਪਰਿਵਾਰਕ ਝਗੜੇ ਦਾ ਜਾਪਦਾ ਹੈ ਪਰ ਕੀ ਇਹ ਕਤਲ ਸਿਰਫ਼ ਘਰੇਲੂ ਝਗੜੇ ਦਾ ਨਤੀਜਾ ਹੈ ਜਾਂ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ? ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਫ਼ਿਲਹਾਲ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।