ਅਬੋਹਰ (ਫਾਜ਼ਿਲਕਾ) 27 ਮਾਰਚ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ ਅਬੋਹਰ ਵਿਖੇ ਪਰਾਲੀ ਦੇ ਪ੍ਰਬੰਧ ਲਈ ਵਰਮੀ ਕੰਪੋਸਟ ਉਤਪਾਦਨ ਤਕਨੀਕ ਦੇ ਪਸਾਰ ਸਬੰਧੀ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਅਬੋਹਰ ਸਟੇਸ਼ਨ ਦੇ ਡਾਇਰੈਕਟਰ ਡਾ. ਅਨਿਲ ਸਾਂਗਵਾਨ ਨੇ ਕੀਤੀ। ਇਸ ਮੌਕੇ ਹਾਜ਼ਰ ਹੋਏ ਕਿਸਾਨਾਂ ਨੂੰ ਪਰਾਲੀ ਦੀ ਵਰਤੋਂ ਕਰਦੇ ਹੋਏ ਵਰਮੀ ਕੰਪੋਸਟ ਤਿਆਰ ਕਰਨ ਦੀਆਂ ਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਿਖਲਾਈ ਕੋਰਸ ਦੌਰਾਨ ਡਾ ਅਨਿਲ ਸਾਗਵਾਨ ਨੇ ਕਿਸਾਨਾਂ ਨੂੰ ਬਾਗਬਾਨੀ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਬਾਗਾਂ ਵਿੱਚ ਆਰਗੈਨਿਕ ਮਾਦਾ ਵਧਾਉਣ ਲਈ ਵਰਮੀ ਕੰਪੋਸਟ ਅਤੇ ਹਰੀ ਖਾਦ ਦੇ ਮਹੱਤਵ ਤੋਂ ਜਾਣੂ ਕਰਵਾਇਆ। ਡਾ. ਅਨਿਲ ਕਾਮਰਾ ਨੇ ਖਜੂਰ ਦੀ ਬਾਗਬਾਨੀ ਬਾਰੇ ਜਾਣਕਾਰੀ ਦਿੱਤੀ । ਡਾ. ਜਗਦੀਸ਼ ਅਰੋੜਾ ਨੇ ਜਮੀਨ ਵਿੱਚ ਕਾਰਬਨਿਕ ਮਾਦੇ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਮਿੱਟੀ ਦੀ ਸਿਹਤ ਸੰਭਾਲ ਵਿੱਚ ਕੁਦਰਤੀ ਖਾਦਾਂ ਬਾਰੇ ਜਾਣਕਾਰੀ ਦਿੱਤੀ ।ਡਾ. ਗੁਰਦੀਪ ਸਿੰਘ ਭੁੱਲਰ ਨੇ ਵਰਮੀ ਕੰਪੋਸਟ ਦੇ ਮੰਡੀਕਰਨ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ । ਡਾ ਨੀਰਜ ਨੇ ਕਿਸਾਨਾਂ ਨੂੰ ਵਰਮੀ ਕੰਪੋਸਟ ਤਿਆਰ ਕਰਨ ਦੀਆਂ ਸਾਰੀਆਂ ਵਿਧੀਆਂ ਦੀ ਸਿਖਲਾਈ ਦਿੱਤੀ । ਇਸ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਅਤੇ ਸਬਜ਼ੀ ਬੀਜ ਕਿੱਟ ਵੀ ਦਿੱਤੀ ਗਈ।