ਬਠਿੰਡਾ, 11 ਮਾਰਚ (ਵੀਰਪਾਲ ਕੌਰ )-ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪੋਸਟ ਗ੍ਰੈਜੂਏਟ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ‘ਅਜੋਕੇ ਦੌਰ ਵਿੱਚ ਪੰਜਾਬ ਦੀ ਰਾਜਨੀਤੀ ਦੇ ਮੁੱਖ ਮੁੱਦੇ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ਉੱਤੇ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰਿਸੋਰਸ ਪਰਸਨਜ਼ ਵਜੋਂ ਡਾ. ਜਮਸ਼ੀਦ ਅਲੀ ਖਾਨ, ਰਿਟਾਇਰਡ ਪ੍ਰੋਫ਼ੈਸਰ ਅਤੇ ਮੁਖੀ, ਡਿਸਟੈਂਸ ਐਜੂਕੇਸ਼ਨ ਵਿਭਾਗ ਅਤੇ ਡਾ. ਗੁਰਪ੍ਰੀਤ ਸਿੰਘ ਬਰਾੜ, ਸਹਾਇਕ ਪ੍ਰੋਫ਼ੈਸਰ, ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਨੇ ਸ਼ਿਰਕਤ ਕੀਤੀ।ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਇਆਂ ਪ੍ਰੋ. ਗੁਰਮੀਤ ਸਿੰਘ, ਮੁਖੀ, ਰਾਜਨੀਤੀ ਵਿਗਿਆਨ ਵਿਭਾਗ, ਵੱਲੋ ਆਏ ਹੋਏ ਰਿਸੋਰਸ ਪਰਸਨਜ਼ ਦਾ ਰਸਮੀ ਤੌਰ ‘ ਤੇ ਸਵਾਗਤ ਕੀਤਾ।
ਇਸ ਉਪਰੰਤ ਪਹਿਲੇ ਸੈਸ਼ਨ ਦੌਰਾਨ ਡਾ.ਜਮਸ਼ੀਦ ਅਲੀ ਖਾਨ ਵੱਲੋਂ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਅਹਿਮ ਮੁੱਦਿਆਂ ਅਤੇ ਉੱਭਰਦੀਆਂ ਪ੍ਰਵਿਰਤੀਆਂ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ ਗਈ। ਆਪਣੇ ਲੈਕਚਰ ਦੌਰਾਨ ਡਾ. ਖਾਨ ਨੇ ਪੰਜਾਬ ਦੇ ਇਤਿਹਾਸਿਕ, ਸੱਭਿਆਚਾਰਕ ਅਤੇ ਰਾਜਨੀਤਿਕ ਪਿਛੋਕੜ ਬਾਰੇ ਚਰਚਾ ਕਰਦਿਆਂ ਹੋਇਆਂ ਪੰਜਾਬ ਦੇ ਵਰਤਮਾਨ ਰਾਜਨੀਤਿਕ ਢਾਂਚੇ ਦੇ ਸਨਮੁੱਖ ਦਸਪੇਸ਼ ਸਮੱਸਿਆਵਾਂ ਜਿਵੇਂ ਕਿ ਪੰਜਾਬ ਦੀ ਡੈਮੋਗ੍ਰਾਫੀ ਅਤੇ ਪੰਜਾਬ ਦੀ ਆਰਥਿਕਤਾ ਵਰਗੇ ਮੁੱਦਿਆਂ ਨੂੰ ਆਪਣੇ ਲੈਕਚਰ ਦੌਰਾਨ ਕਵਰ ਕੀਤਾ। ਡਾ. ਖਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਵੋਟ ਬੈਂਕ ਲਗਾਤਾਰ ਬਦਲ ਰਿਹਾ ਹੈ ਅਤੇ ਅੱਜ ਦੇ ਸਮੇਂ ਵੱਖ-ਵੱਖ ਰਾਜਨੀਤਿਕ ਦਲਾਂ ਦੁਆਰਾ ਔਰਤਾਂ ਨੂੰ ਇੱਕ ਵੱਡੇ ਵੋਟ ਬੈਂਕ ਵਜੋਂ ਦੇਖਿਆ ਜਾ ਰਿਹਾ ਹੈ , ਜਿਸ ਕਾਰਨ ਵੱਖ-ਵੱਖ ਰਾਜਨੀਤੀਕ ਦਲਾਂ ਦੁਆਰਾ ਔਰਤਾਂ ਨੂੰ ਕੇਂਦਰ ਵਿੱਚ ਰੱਖਦੇ ਹੋਇਆ ਉਹਨਾਂ ਲਈ ਲੋਕ-ਲਭਾਊ ਨੀਤੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡਾ. ਖਾਨ ਦੁਆਰਾ ਰਾਜਨੀਤਿਕ ਸੰਸਥਾਵਾਂ ਵਿੱਚ ਔਰਤਾਂ ਨੂੰ ਉੱਨ੍ਹਾਂ ਦਾ ਬਣਦਾ ਹੱਕ ਦੇਣ ਦੀ ਗੱਲ ਕਹੀ ਗਈ। ਇਸ ਸਾਰੇ ਸ਼ੈਸ਼ਨ ਦੌਰਾਨ ਮੰਚ ਸੰਚਾਲਕ ਦੀ ਭੁਮਿਕਾ ਡਾ. ਪਰਮਿੰਦਰਜੀਤ ਕੌਰ ਵੱਲੋਂ ਨਿਭਾਈ ਗਈ।
ਦੂਸਰੇ ਸੈਸ਼ਨ ਦੌਰਾਨ ਡਾ. ਸਮਰਦੀਪ ਕੌਰ ਦੁਆਰਾ ਮੰਚ ਦੀ ਕਾਰਵਾਈ ਸੰਭਾਲਦਿਆਂ ਡਾ. ਗੁਰਪ੍ਰੀਤ ਸਿੰਘ ਬਰਾੜ ਦੀ ਵਿਦਿਆਰਥੀਆਂ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਹੋਇਆ ਉੱਨ੍ਹਾਂ ਨੂੰ ਮੰਚ ਉੱਪਰ ਸੱਦਾ ਦਿੱਤਾ ਗਿਆ। ਡਾ. ਗੁਰਪ੍ਰੀਤ ਸਿੰਘ ਬਰਾੜ ਦੁਆਰਾ ਪੰਜਾਬ ਦੇ ਵੱਖ-ਵੱਖ ਰਾਜਨੀਤਿਕ ਮੁੱਦਿਆਂ ਜਿਵੇਂ ਕਿ ਪਾਣੀਆਂ ਦੇ ਮੁੱਦੇ ਅਤੇ ਪੰਜਾਬ ਦੀ ਰਾਜਧਾਨੀ ਵਰਗੇ ਮੁੱਦਿਆਂ ਨੂੰ ਵਿਦਿਆਰਥੀਆਂ ਸਾਹਮਣੇ ਰੱਖਿਆ ਗਿਆ। ਉਨਾਂ ਅੱਗੇ ਕਿਹਾ ਕਿ ਕਿਸ ਤਰ੍ਹਾਂ ਕਿਸੇ ਖਿੱਤੇ ਦੀ ਵਿਸ਼ੇਸ਼ ਪਹਿਚਾਣ ਵਿੱਚ ਉਥੋਂ ਦੀ ਖੇਤਰੀ ਭਾਸ਼ਾ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਅਤੇ ਉਸੇ ਤਰ੍ਹਾਂ ਪੰਜਾਬੀ ਖਿੱਤੇ ਦੀ ਖੇਤਰੀ ਪਹਿਚਾਣ ਲਈ ਪੰਜਾਬੀ ਭਾਸ਼ਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਤੋਂ ਬਾਅਦ ਡਾ. ਬਰਾੜ ਵੱਲੋਂ ਇੱਕ ਰਾਸ਼ਟਰ, ਇੱਕ ਵੋਟ ਦੇ ਮੁੱਦੇ ਅਤੇ ਇਸ ਦਾ ਭਾਰਤ ਦੇ ਸੰਘਾਤਮਕ ਢਾਂਚੇ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਗਈ। ਆਪਣੀ ਗੱਲ ਨੂੰ ਅੱਗੇ ਤੋਰਦੇ ਹੋਇਆਂ ਡਾ. ਬਰਾੜ ਵੱਲੋਂ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਸਾਕਾਰਾਤਮਕ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
ਸੈਮੀਨਾਰ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਜਯੋਤਸਨਾ ਵੱਲੋਂ ਆਏ ਹੋਏ ਦੋਵੇਂ ਰਿਸੋਰਸ ਪਰਸਨਜ਼ ਦਾ ਰਸਮੀ ਤੌਰ ਉੱਤੇ ਧੰਨਵਾਦ ਕਰਨ ਉਪਰੰਤ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਸੈਮੀਨਾਰ ਦੌਰਾਨ ਡਾ. ਹਰਜਿੰਦਰ ਸਿੰਘ, ਪ੍ਰੋ. ਗੁਰਜੀਤ ਕੌਰ, ਪ੍ਰੋ.ਸੁਲਤਾਨ ਸਿੰਘ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਪ੍ਰਗਟ ਸਿੰਘ, ਡਾ. ਬਲਵੀਰ ਕੌਰ, ਪ੍ਰੋ.ਪ੍ਰਕਾਸ਼ ਸਿੰਘ, ਡਾ. ਮਨੋਨੀਤ ਕੌਰ, ਡਾ.ਬਲਜਿੰਦਰ ਕੌਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਲਖਵੀਰ ਸਿੰਘ, ਪ੍ਰੋ.ਹਰਸ਼ਵਿੰਦਰ, ਪ੍ਰੋ.ਭੁਪਿੰਦਰ ਦੁੱਗਲ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ।