ਬਠਿੰਡਾ, 10 ਮਾਰਚ (ਵੀਰਪਾਲ ਕੌਰ ) : ਭਾਰਤ ਦੇ ਰਾਸ਼ਟਰਪਤੀ, ਦ੍ਰੌਪਦੀ ਮੁਰਮੂ 10 ਤੋਂ 12 ਮਾਰਚ, 2025 ਤਕ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ। 10 ਮਾਰਚ ਨੂੰ ਰਾਸ਼ਟਰਪਤੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ, ਹਿਸਾਰ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਦਿਨ, ਉਹ ਬ੍ਰਹਮਾ ਕੁਮਾਰੀਜ਼, ਹਿਸਾਰ ਦੇ ਗੋਲਡਨ ਜੁਬਲੀ ਸਮਾਰੋਹ ਦੇ ਅਵਸਰ ‘ਤੇ ‘ਸਮੁੱਚੀ ਭਲਾਈ ਲਈ ਅਧਿਆਤਮਿਕ ਸਿੱਖਿਆ’ ਨਾਮਕ ਰਾਜ ਪੱਧਰੀ ਅਭਿਯਾਨ ਦੀ ਸ਼ੁਰੂਆਤ ਕਰਨਗੇ।
11 ਮਾਰਚ ਨੂੰ, ਰਾਸ਼ਟਰਪਤੀ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ ਏਮਸ, ਬਠਿੰਡਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਸ਼ਾਮ, ਰਾਸ਼ਟਰਪਤੀ ਮੋਹਾਲੀ ਵਿਖੇ ਪੰਜਾਬ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇਕ ਨਾਗਰਿਕ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣਗੇ। 12 ਮਾਰਚ ਨੂੰ ਰਾਸ਼ਟਰਪਤੀ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਦੀ ਬਠਿੰਡਾ ਆਮਦ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋੲਹੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਐਮਰਜੈਂਸੀ ਟ੍ਰੈਫਿਕ ਰੂਟ ਪਲਾਨ ਮੁਤਾਬਕ ਡੱਬਵਾਲੀ ਤੋਂ ਮੌੜ, ਰਾਮਪੁਰਾ, ਚੰਡੀਗੜ੍ਹ ਜਾਣ ਵਾਲੇ ਹੈਵੀ ਵਾਹਨ ਇਹ ਰਿਫਾਇਨਰੀ ਰੋਡ ਰਾਹੀਂ ਰਾਮਾਂ, ਤਲਵੰਡੀ, ਮੌੜ ਰਾਮਪੁਰਾ ਅਤੇ ਚੰਡੀਗੜ੍ਹ ਜਾ ਸਕਣਗੇ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਆਈ ਟੀ ਆਈ ਪੁਲ, ਤਲਵੰਡੀ, ਰਾਮਾਂ, ਰਿਫਾਇਨਰੀ ਰੋਡ ਰਾਹੀਂ ਆਪਣੇ ਸਥਾਨ ਤੱਕ ਜਾ ਸਕਦੇ ਹਨ। ਫਰੀਦਕੋਟ ਤੋਂ ਡੱਬਵਾਲੀ ਜਾਣ ਵਾਲੇ ਹੈਵੀ ਵਾਹਨ ਥਾਣਾ ਕੈਂਟ, ਬਠਿੰਡਾ ਰਿੰਗ ਰੋਡ ਆਈ ਆਈ ਪੁਲ, ਤਲਵੰਡੀ ਸਾਬੋ, ਰਾਮਾਂ ਰਿਫਾਇਨਰੀ ਰੋਡ ਰਾਹੀਂ ਜਾਣਗੇ। ਸੰਗਤ ਮੰਡੀ ਸਾਈਡ ਤੋਂ ਸ਼੍ਰੀ ਮੁਕਤਸਰ ਸਾਹਿਬ ਜਾਣ ਵਾਲੇ ਹੈਵੀ ਵਾਹਨ ਵਾਇਆ ਡੱਬਵਾਲੀ ਮਲੋਟ ਹੁੰਦਾ ਹੋਇਆ ਜਾਵੇਗਾ।
ਬਠਿੰਡਾ ਪੁਲਿਸ ਵੱਲੋਂ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਰਾਸ਼ਟਰਪਤੀ ਦੇ ਦੌਰੇ ਦੌਰਾਨ ਕੋਈ ਰੁਕਾਵਟ ਨਾ ਆਵੇ। ਜਿਲ੍ਹਾ ਵਾਸੀ ਸਾਵਧਾਨ ਰਹਿਣ , ਅਲਟਰਨੇਟ ਰੂਟ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਬਠਿੰਡਾ ਪੁਲਿਸ ਨੂੰ ਜਾਣਕਾਰੀ ਦੇਣ।