ਚੰਡੀਗੜ੍ਹ, 8 ਮਾਰਚ: ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਪਾਰਟੀ ਦੀ ਹਮਾਇਤ ਵਿਚ ਡੱਟ ਕੇ ਖੜ੍ਹੇ ਹਨ ਤੇ ਹਰਿਆਣਾ ਇਕਾਈ ਵਿਚ ਭਾਜਪਾ ਦੀਆਂ ਕਠਪੁਤਲੀਆਂ ਕਦੇ ਵੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿਚ ਕਾਮਯਾਬ ਨਹੀਂ ਹੋਣਗੀਆਂ।
ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਕਾਇਮਪੁਰੀ ਜੋ ਹਰਿਆਣਾ ਸਿੱਖ ਪੰਥਕ ਦਲ ਦੀ ਅਗਵਾਈ ਕਰਦੇ ਹਨ, ਨੇ ਕਿਹਾ ਕਿ ਹਰਿਆਣਾ ਦੀ ਸਿੱਖ ਸੰਗਤ ਸਮਝਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਉਹਨਾਂ ਨੂੰ ਫਾਰਗ ਕਰਨ ਬਾਰੇ ਫੈਸਲੇ ਪੰਥ ਦੇ ਵਡੇਰੇ ਹਿੱਤਾਂ ਵਿਚ ਲਏ ਗਏ ਹਨ। ਉਹ ਸਮਝਦੇ ਹਨ ਕਿ ਅਜਿਹਾ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਕੀਤਾ ਗਿਆ ਹੈ ਤੇ ਇਹ ਕੇਂਦਰੀ ਏਜੰਸੀਆਂ ਦੇ ਹੱਥਾਂ ਵਿਚ ਖੇਡਣ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਸਿੱਖ ਪੰਥ ਨੂੰ ਦੋਫਾੜ ਕਰਨ ਦੇ ਯਤਨਾਂ ਦਾ ਹਿੱਸਾ ਹੈ।
ਪਾਰਟੀ ਵਿਚੋਂ ਅਸਤੀਫਾ ਦੇਣ ਦਾ ਦਾਅਵਾ ਕਰਨ ਵਾਲਿਆਂ ਬਾਰੇ ਬਲਦੇਵ ਸਿੰਘ ਕਾਇਮਪੁਰੀ ਨੇ ਕਿਹਾ ਕਿ ਇਹਨਾਂ ਆਗੂਆਂ ਨੂੰ ਅਕਾਲੀ ਦਲ ਨੇ ਪਹਿਲਾਂ ਹੀ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਕਿਉਂਕਿ ਇਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਚੋਣਾਂ ਵਿਚ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਸੀ। ਉਹਨਾਂ ਸਪਸ਼ਟ ਕੀਤਾ ਕਿ ਇਹਨਾਂ ਆਗੂਆਂ ਨੇ ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ਵਿਚ ਆਰ ਐਸ ਐਸ ਦੀ ਹਮਾਇਤ ਪ੍ਰਾਪਤ ਉਮੀਦਵਾਰਾਂ ਦੀ ਹਮਾਇਤ ਕਰ ਕੇ ਪਹਿਲਾਂ ਹੀ ਸਾਬਤ ਕਰ ਦਿੱਤਾ ਸੀ ਕਿ ਇਹ ਅਕਾਲੀ ਦਲ ਦੇ ਵਫਾਦਾਰ ਨਹੀਂ ਹਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਇਹ ਹੁਣ ਭਾਜਪਾ ਦੇ ਹੱਕ ਵਿਚ ਬਿਆਨਬਾਜ਼ੀ ਕਰ ਰਹੇ ਹਨ ਤਾਂ ਜੋ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਖੁਸ਼ ਕੀਤਾ ਜਾ ਸਕੇ। ਇਹ ਕਿਸੇ ਵੀ ਤਰੀਕੇ ਅਕਾਲੀ ਨਹੀਂ ਹਨ।
ਅਕਾਲੀ ਆਗੂ ਨੇ ਇਹ ਵੀ ਸਪਸ਼ਟ ਕੀਤਾ ਕਿ ਹਰਿਆਣਾ ਇਕਾਈ ਤਾਂ ਕੁਝ ਸਮਾਂ ਪਹਿਲਾਂ ਹੀ ਭੰਗ ਕਰ ਦਿੱਤੀ ਗਈ ਸੀ ਅਤੇ ਦੱਸਿਆ ਕਿ ਇਸਦਾ ਜਲਦੀ ਹੀ ਪੁਨਰਗਠਨ ਕੀਤਾ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦੇ ਆਗੂ ਪੂਰੀ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਇਸਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੇ ਹਮਾਇਤੀ ਹਨ। ਇਸ ਮੌਕੇ ਅਕਾਲੀ ਦਲ ਦੇ ਹੱਥ ਵਿਚ ਨਿਤਰ ਕੇ ਪਾਰਟੀ ਦੀ ਲੀਡਰਸ਼ਿਪ ਤੇ ਨੀਤੀਆਂ ਵਿਚ ਵਿਸ਼ਵਾਸ ਕਰਨ ਵਾਲਿਆਂ ਵਿਚ ਹਰਪਾਲ ਸਿੰਘ ਅਹਿਰਵਾਨ ਫਤਿਹਬਾਦ, ਬੀਬੀ ਮਨਜੀਤ ਕੌਰ ਕੰਧੋਲਾ ਯਮੁਨਾਨਗਰ, ਬੀਬੀ ਅਮਰਜੀਤ ਕੌਰ ਬਾਵਾ ਫਤਿਹਾਬਾਦ, ਮਨਜੀਤ ਸਿੰਘ ਖੇੜੀ ਯਮੁਨਾਨਗਰ, ਪ੍ਰਤਾਪ ਸਿੰਘ ਤਰੋੜੀ, ਬਲਕਾਰ ਸਿੰਘ ਅਸੰਧ ਕਰਨਾਲ, ਗੁਰਦੀਪ ਸਿੰਘ ਭਾਨੋਖੇੜੀ ਅੰਬਾਲਾ, ਤੇਜਿੰਦਰਪਾਲ ਸਿੰਘ ਢਿੱਲੋਂ ਕੁਰੂਕਸ਼ੇਤਰ, ਰਵਿੰਦਰ ਸਿੰਘ ਰਾਣਾ ਫਰੀਦਾਬਾਦ, ਹਰਦੀਪ ਸਿੰਘ ਲੱਗੜ ਕਰਨਾਲ, ਕੁਲਵੰਤ ਸਿੰਘ ਪਾਣੀਪਤ, ਹਰਪ੍ਰੀਤ ਸਿੰਘ ਸੰਧੂ ਗੁਰੂਗ੍ਰਾਮ, ਸੁਖਸਾਗਰ ਸਿੰਘ ਹਿਸਾਰ, ਜਰਨੈਲ ਸਿੰਘ ਬੋਦਲੀ ਕੁਰੂਕਸ਼ੇਤਰ, ਸੁਖਜਿੰਦਰ ਸਿੰਘ ਮਸਾਣਾ ਕੁਰੂਕਸ਼ੇਤਰ, ਰਿਪੁਦਮਨ ਸਿੰਘ ਚੀਮਾ ਕੁਰੂਕਸ਼ੇਤਰ, ਮਨਜੀਤ ਸਿੰਘ ਸ਼ਾਹਬਾਦ, ਹਰਪਾਲ ਸਿੰਘ ਬਾਜਵਾ ਕੁਰੂਕਸ਼ੇਤਰ, ਗੁਰਤੇਜ ਸਿੰਘ ਕਰਨਾਲ, ਦਵਿੰਦਰ ਸਿੰਘ ਕਰਨਾਲ, ਲਖਵਿੰਦਰ ਸਿੰਘ ਅੰਬਾਲਾ, ਪ੍ਰਿਥੀਪਾਲ ਸਿੰਘ ਕਰਨਾਲ ਤੇ ਗੁਰਮੀਤ ਸਿੰਘ ਪੂਨੀਆ ਕੈਥਲ ਵੀ ਸ਼ਾਮਲ ਸਨ।