ਚੰਡੀਗੜ੍ਹ, 7 ਮਾਰਚ:- ਕੁਲਤਾਰ ਸਿੰਘ ਸੰਧਵਾਂ ਨੇ ਅੱਜ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਸਜੀਪੀਸੀ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਹੈ, ਇਸਦਾ ਪ੍ਰਧਾਨ ਪੂਰਨ ਸਿੱਖ ਮਰਿਯਾਦਾ ਦਾ ਧਾਰਨੀ ਹੋਣਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਸਿੱਖ ਕੌਮ ਦੀ ਸੁਪਰੀਮ ਸੰਸਥਾਂ ਸ਼੍ਰੀ ਆਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਨੂੰ ਕਿਸੇ ਖਾਸ ਧਿਰ ਦੇ ਹੱਕ ਚ ਭੁਗਤਣ ਲਈ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਤੋਂ ਨਿਰਾਸ਼ ਹੋਕੇ ਐਸਜੀਪੀਸੀ ਦੇ ਮਜੂਦਾ ਪ੍ਰਧਾਨ ਐਡਵੋਕੇਟ ਧਾਮੀ ਜੀ ਵੱਲੋ ਪ੍ਰਧਾਨਗੀ ਸੇਵਾ ਤੋਂ ਮੁਕਤ ਹੋਣ ਦਾ ਫੈਸਲਾ ਮੰਦਭਾਗਾ ਹੈ।
ਉਹਨਾਂ ਅੱਗੇ ਕਿਹਾ ਕਿ ਕੌਮ ਦੇ ਆਗੂਆਂ ਨੂੰ ਸੰਕਟ ਦੇ ਸਮੇਂ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ, ਨਾ ਕਿ ਨਿਰਾਸ਼ ਹੋਕੇ ਘਰ ਬੈਠਣਾ ਚਾਹੀਦਾ ਹੈ, ਅਗਲੀ ਗੱਲ ਐਸਜੀਪੀਸੀ ਤੇ ਕਾਬਜ਼ ਧਿਰ ਦੀ ਸੱਤਾ ਭੁੱਖ ਅਤੇ ਸ੍ਰੀ ਆਕਾਲ ਤਖਤ ਸਾਹਿਬ ਨਾਲ ਟੱਕਰ ਕੌਮ ਦੇ ਲਈ ਬੇਹੱਦ ਮੰਦਭਾਗੀ ਹੈ, ਐਸਜੀਪੀਸੀ ਦੇ ਨਵੇਂ ਪ੍ਰਧਾਨ ਦੇ ਲਈ ਜਿਸ ਸਖ਼ਸ਼ ਨੂੰ ਵਿਚਾਰਿਆ ਜਾ ਰਿਹਾ ਹੈ ਓਸਦੀ ਬਾਦਲ ਪਰਿਵਾਰ ਨਾਲ ਨੇੜਤਾ ਅਤੇ ਰਿਸ਼ਤੇਦਾਰੀ ਤੋਂ ਇਲਾਵਾ ਕੌਮ ਨੂੰ ਕੀ ਦੇਣ ਹੈ। ਸੋ ਅਜੋਕੇ ਹਲਾਤਾਂ ਵਿੱਚ ਪੰਥਕ ਸੰਸਥਾਵਾਂ ਦੇ ਮੁੱਖ ਸੇਵਾਦਾਰਾਂ ਦੀ ਚੋਣ ਅਤੇ ਸੇਵਾ ਮੁਕਤੀ ਲਈ ਸਮੁੱਚੇ ਵਿਸ਼ਵ ਵਿਚ ਬੈਠੇ ਕੌਮ ਪ੍ਰਸਤ ਲੋਕਾਂ ਦੀ ਇੱਕ ਕਮੇਟੀ ਬਣਾਉਣਾ ਅਤੇ ਨਾਲ ਹੀ ਐਸਜੀਪੀਸੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾ ਕਿ ਪੰਥ ਪ੍ਰਸਤ ਨੁਮਾਇੰਦੇ ਚੁਣਨੇ ਸਮੇਂ ਦੀ ਮੁੱਖ ਲੋੜ ਹੈ।