ਬਠਿੰਡਾ, 7 ਮਾਰਚ (ਵੀਰਪਾਲ ਕੌਰ) ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਪ੍ਰਿੰਸੀਪਲ ਡਾ. ਜਯੋਤਸਨਾ ਦੀ ਸਰਪ੍ਰਸਤੀ ਹੇਠ ਅਰਥ ਸ਼ਾਸਤਰ ਵਿਭਾਗ ਵੱਲੋਂ ‘ਨਵ-ਉਦਾਰਵਾਦ ਅਤੇ ਪੰਜਾਬ ਦੀ ਸਕੂਲੀ ਸਿੱਖਿਆ ਵਿੱਚ ਪ੍ਰਾਈਵੇਟ ਖੇਤਰ’ ਵਿਸ਼ੇ ‘ਤੇ ਇੱਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ।
ਉਦਘਾਟਨੀ ਸੈਸ਼ਨ ਦੌਰਾਨ ਪ੍ਰੋ. ਕਮਲਜੀਤ ਸਿੰਘ, ਮੁਖੀ ਅਰਥ ਸ਼ਾਸਤਰ ਵਿਭਾਗ ਨੇ ਰਿਸੋਰਸ ਪਰਸਨ ਵਜੋਂ ਪਹੁੰਚੇ ਡਾ.ਅੰਗਰੇਜ਼ ਸਿੰਘ ਗਿੱਲ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨਾਲ ਉੱਨ੍ਹਾਂ ਦੀ ਜਾਣ-ਪਛਾਣ ਕਰਵਾਈ। ਡਾ. ਗਿੱਲ ਨੇ ਆਪਣੀ ਖੋਜ ਉੱਤੇ ਅਧਾਰਿਤ ਨਵ-ਉਦਾਰਵਾਦੀ ਨੀਤੀਆਂ ਕਾਰਨ ਪੰਜਾਬ ਦੀ ਸਕੂਲੀ ਸਿੱਖਿਆ ਉੱਪਰ ਪਏ ਪ੍ਰਭਾਵ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।
ਡਾ.ਗਿੱਲ ਦੁਆਰਾ ਦੱਸਿਆ ਗਿਆ ਕਿ ਨਵ-ਉਦਾਰਵਾਦ ਦੀਆਂ ਨੀਤੀਆਂ ਤੋਂ ਇਲਾਵਾ ਭਾਵੇਂ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਅਣਥੱਕ ਕੋਸ਼ਿਸ਼ਾਂ ਕਰਦਿਆਂ ਵਿਦਿਆਰਥੀਆਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ ਫਿਰ ਵੀ ਪ੍ਰਾਈਵੇਟ ਸੰਸਥਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ। ਉੱਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਿੱਖਿਆ ਦਾ ਮਿਆਰ ਜ਼ਿਆਦਾ ਵਧੀਆ ਨਹੀਂ ਹੈ ਅਤੇ ਇੱਨ੍ਹਾਂ ਸਕੂਲਾਂ ਦੇ ਵੀ ਚਾਰ ਦਰਜ਼ੇ ਹਨ, ਜਿੱਨ੍ਹਾਂ ਵਿੱਚੋਂ ਕੇਵਲ ਕੁੱਝ ਖਾਸ ਸਕੂਲ ਹੀ ਸਹੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾ ਰਹੇ ਹਨ ਅਤੇ ਬਾਕੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬਹੁਤਾ ਸਲਾਹੁਣਯੋਗ ਨਹੀਂ ਹੈ। ਡਾ. ਸਾਹਿਬ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਸਿੱਖਿਆ ਕਾਰਨ ਮਾਪਿਆਂ ਦੀ ਆਰਥਿਕਤਾ ਉੱਪਰ ਕਾਫ਼ੀ ਬੋਝ ਪਿਆ ਹੈ ਕਿਉੰਕਿ ਪੰਜਾਬ ਦੇ ਜ਼ਿਆਦਾਤਰ ਮਾਪਿਆਂ ਦੀ ਇਹ ਧਾਰਨਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਬਿਹਤਰ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਪਰ ਉੱਨ੍ਹਾਂ ਨੇ ਆਪਣੇ ਸਰਵੇਖਣ ਤੋਂ ਪ੍ਰਾਪਤ ਸਿੱਟਿਆਂ ਦੇ ਆਧਾਰ ‘ਤੇ ਦੱਸਿਆ ਕਿ ਇਹ ਧਾਰਨਾ ਸਹੀ ਨਹੀਂ ਹੈ। ਡਾ. ਗਿੱਲ ਜੀ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਵਧਾਉਣ ਲਈ ਬਜ਼ਟ ਵਿੱਚ ਵੀ ਵਾਧਾ ਕੀਤਾ ਹੈ ਤਾਂ ਕਿ ਨਿਮਨ ਅਤੇ ਮੱਧਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਲੈਕਚਰ ਦੇ ਅੰਤ ਵਿੱਚ ਡਾ. ਗਿੱਲ ਵੱਲੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਰਿਸੋਰਸ ਪਰਸਨ ਡਾ. ਗਿੱਲ ਦੇ ਲੈਕਚਰ ਉਪਰੰਤ ਅਰਥ ਸ਼ਾਸਤਰ ਵਿਭਾਗ ਦੇ ਪ੍ਰੋ. ਗੁਰਸ਼ਰਨ ਕੌਰ ਵੱਲੋਂ ਲੈਕਚਰ ਦੇ ਕੇਂਦਰੀ ਨੁਕਤੇ ਉਭਾਰੇ ਗਏ। ਇਸਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਨੇ ਆਪਣੇ ਤਜ਼ੱਰਬਿਆਂ ਨੂੰ ਵਿਸ਼ੇ ਨਾਲ ਜੋੜਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਡਾ. ਹਰਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰੋ. ਰਵਿੰਦਰ ਕੌਰ, ਡਾ. ਨਿਸ਼ੂ ਬਾਲਾ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਪ੍ਰਗਟ ਸਿੰਘ, ਪ੍ਰੋ. ਪ੍ਰੀਆ ਰਾਣੀ, ਪ੍ਰੋ. ਤਾਨੀਆ ਗਰਗ, ਪ੍ਰੋ. ਲਖਵੀਰ ਸਿੰਘ ਅਤੇ ਪ੍ਰੋ. ਰਾਜਵੀਰ ਕੌਰ ਸਮੇਤ ਅਰਥ ਸ਼ਾਸਤਰ ਵਿਭਾਗ ਦੇ ਲੱਗਭੱਗ 100 ਵਿਦਿਆਰਥੀ ਹਾਜ਼ਰ ਰਹੇ।