ਚੰਡੀਗੜ੍ਹ 5 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ ਵਾਸਤੇ ਕਰਫਿਊ ਵਰਗਾ ਮਾਹੌਲ ਬਣਾ ਰੱਖਿਆ ਹੈ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਸ਼ਿਆਰਪੁਰ ਵਿਚ ਵਿਪਾਸਨਾ ਕੈਂਪ ਵਿਚ ਆਉਣ ਵਾਸਤੇ ਸਿਰਫ ਲਾਲ ਗਲੀਚਾ ਹੀ ਨਹੀਂ ਵਿਛਾਇਆ ਗਿਆ ਬਲਕਿ ਉਹਨਾਂ ਦੀ ਸੁਰੱਖਿਆ ਲਈ 100 ਵਾਹਨਾਂ ਦਾ ਕਾਫਲਾ ਵੀ ਤਾਇਨਾਤ ਕੀਤਾ ਗਿਆ ਹੈ।
ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਅਜਿਹੇ ਹਾਲਾਤਾਂ ਨੂੰ ਸਪਸ਼ਟ ਕਰਨ ਕਿ ਅਜਿਹਾ ਕਿਉਂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਕੇਜਰੀਵਾਲ ਦਾ ਰਾਜਾਂ ਦੇ ਮੁਖੀਆਂ ਵਾਸਤੇ ਹੁੰਦੇ ਸਵਾਗਤ ਵਰਗਾ ਸਵਾਗਤ ਕਿਉਂ ਕੀਤਾ ਜਾ ਰਿਹਾ ਹੈ ਜਦੋਂ ਕਿ ਉਹਨਾਂ ਕੋਲ ਨਾ ਤਾਂ ਕੋਈ ਸੰਵਿਧਾਨਕ ਰੁਤਬਾ ਹੈ ਤੇ ਨਾ ਹੀ ਪੰਜਾਬ ਨਾਲ ਉਹਨਾਂ ਦਾ ਕੋਈ ਲੈਣ ਦੇਣ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਕਿਉਂ ਸੱਦਿਆ ਤੇ ਜਦੋਂ ਕਿਸਾਨਾਂ ਨੇ ਉਹਨਾਂ ਨੂੰ ਉਹਨਾਂ ਤੇ ਕੇਜਰੀਵਾਲ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਏ ਤਾਂ ਫਿਰ ਭਗਵੰਤ ਮਾਨ ਨੇ ਮੀਟਿੰਗ ਵਿਚੋਂ ਹਫੜਾ ਦਫੜੀ ਵਿਚ ਨਿਕਲ ਕੇ ਕਿਸਾਨ ਦਾ ਅਪਮਾਨ ਕਿਉਂ ਕੀਤਾ।ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਜਦੋਂ ਕਿ ਰਾਜਸਥਾਨ ਵਰਗੇ ਰਾਜ ਨੇ ਕਣਕ ਦੇ ਆਉਂਦੇ ਸੀਜ਼ਨ ਵਾਸਤੇ 150 ਰੁਪਏ ਪ੍ਰਤੀ ਕੁਇੰਟਲ ਦੇ ਬੋਨਸ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ ਮੂੰਗੀ ਅਤੇ ਮੱਕੀ ਦੀ ਫਸਲ ਵਾਸਤੇ ਐਮ ਐਸ ਪੀ ਦਾ ਵਾਅਦਾ ਵੀ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਵਾਰ-ਵਾਰ ਹੋਏ ਫਸਲੀ ਨੁਕਸਾਨ ਦਾ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ।
ਭ੍ਰਿਸ਼ਟਾਚਾਰ ਤੇ ਨਸ਼ਿਆਂ ਖਿਲਾਫ ਵੱਢੀ ਮੁਹਿੰਮ ਨੂੰ ਲੈ ਕੇ ਉਹਨਾਂਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਦੇ ਰਾਜ ਵਿਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਮਿਲਿਆ ਹੈ ਜਦੋਂ ਕਿ ਸੂਬੇ ਵਿਚ ਸਿਆਸੀ ਗੰਢਤੁੱਪ ਕਾਰਣ ਨਸ਼ਿਆਂ ਦੇ ਵਪਾਰ ਵਿਚ ਚੋਖਾ ਵਾਧਾ ਹੋਇਆ ਹੈ ਅਤੇ ਓਵਰਡੋਜ਼ ਨਾਲ ਮੌਤਾਂ ਵਧੀਆਂ ਹਨ। ਚੀਮਾ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਪੂਰੀ ਹੋਣ ਨੇੜੇ ਹੈ ਅਤੇ ਅਕਾਲੀ ਦਲ ਨੂੰ 20 ਲੱਖ ਮੈਂਬਰਸ਼ਿਪ ਪਰਚੀਆਂ ਵਾਪਸ ਮਿਲ ਗਈਆਂ ਹਨ ਤੇ 10 ਲੱਖ ਹੋਰ ਅਗਲੇ ਕੁਝ ਦਿਨਾਂ ਵਿਚ ਮਿਲ ਜਾਣਗੀਆਂ।