ਮਾਲੇਰਕੋਟਲਾ 05 ਮਾਰਚ –ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਹਿਮਦਗੜ੍ਹ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਵਿਰਾਜ.ਐਸ.ਤਿੜਕੇ ਦੀ ਅਗਵਾਈ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਤੀਬਾੜੀ ਬਲਾਕ ਅਹਿਮਦਗੜ੍ਹ ਅਧੀਨ ਆਉਂਦੀਆਂ ਖਾਦਾਂ ਦੀਆ ਦੁਕਾਨਾਂ ਤੋਂ ਵੱਖ-ਵੱਖ ਕੰਪਨੀਆਂ ਦੀਆਂ ਵਿੱਕ ਰਹੀਆ ਖਾਦਾਂ ਦੇ ਨਮੂਨੇ ਲਏ ਗਏ ਤਾਂ ਜੋ ਬਾਜ਼ਾਰ ‘ਚੋਂ ਨਕਲੀ ਅਤੇ ਗੈਰ ਮਿਆਰੀ ਖਾਦਾਂ ਦੀ ਵਿਕਰੀ ਨੂੰ ਰੋਕਿਆ ਜਾ ਸਕੇ ਅਤੇ ਕਿਸੇ ਵੀ ਕਿਸਾਨ ਨੂੰ ਨਕਲੀ ਖਾਦਾਂ ਨਾਲ ਵਿੱਤੀ ਨੁਕਸਾਨ ਨਾ ਹੋਵੇ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ, ਅਹਿਮਦਗੜ ਨਵਦੀਪ ਕੁਮਾਰ ਨੇ ਵੱਖ-ਵੱਖ ਦੁਕਾਨਾਂ ਵਿੱਚ ਉਪਲਬਧ ਖਾਦਾਂ ਦੀ ਜਾਂਚ ਕੀਤੀ ਅਤੇ ਭਰੇ ਗਏ ਨਮੂਨੇ ਟੈਸਟਿੰਗ ਲਈ ਲੈਬਾਰਟਰੀ ਭੇਜੇ ਗਏ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦਾ ਮੁੱਖ ਉਦੇਸ਼ ਕਿਸਾਨ ਭਲਾਈ ਹੈ, ਇਸੇ ਮਕਸਦ ਦੀ ਪੂਰਤੀ ਲਈ ਸ਼ਹਿਰ ਵਿੱਚ ਕਿਸੇ ਵੀ ਗੈਰ ਮਿਆਰੀ ਖਾਦ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ । ਕੁਆਲਿਟੀ ਕੰਟਰੋਲ ਤਹਿਤ ਭਰੇ ਜਾ ਰਹੇ ਸੈਪਲਾਂ ਦਾ ਮੁੱਖ ਮਕਸਦ ਕਿਸਾਨਾਂ ਨੂੰ ਵਧੀਆ ਮਿਆਰੀ ਖਾਦਾਂ ਮੁਹੱਈਆ ਕਰਵਾਉਣਾ ਹੈ । ਭਵਿੱਖ ਵਿੱਚ ਵੀ ਵਿਭਾਗ ਵੱਲੋਂ ਵੱਖ- ਵੱਖ ਦੁਕਾਨਾਂ ਤੋਂ ਸੈਂਪਲ ਲੈ ਕੇ ਟੈਸਟਿੰਗ ਲਈ ਗੁਪਤ ਰੂਪ ‘ਚ ਲੈਬਾਰਟਰੀ ਨੂੰ ਭੇਜੇ ਜਾਂਦੇ ਰਹਿਣਗੇ, ਜੇਕਰ ਲੈਬ ਰਿਪੋਰਟ ਵਿਚ ਖਾਦ ਗੈਰ ਮਿਆਰੀ ਪਾਈ ਗਈ ਤਾਂ ਉਸ ਖਾਦ ਡੀਲਰ ਖਿਲਾਫ ਵਿਭਾਗੀ ਕਾਨੂੰਨਾਂ/ ਐਕਟਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਰਾਕੇਸ਼ ਕੁਮਾਰ, ਹਰਕੀਰਤ ਸਿੰਘ, ਹਰਮਿੰਦਰ ਸਿੰਘ, ਤਰਨਦੀਪ ਸਿੰਘ ਮੌਜੂਦ ਸਨ।