ਲੁਧਿਆਣਾ, 4 ਮਾਰਚ – ਸਰਕਾਰ ਦੀ ਘੁਰਕੀ ਤੋਂ ਬਾਅਦ ਕਈ ਹੜਤਾਲੀ ਤਹਿਸੀਲਦਾਰ ਵਾਪਸ ਕੰਮ ‘ਤੇ ਪਰਤ ਆਏ ਹਨ ਅਤੇ ਉਨ੍ਹਾਂ ਵਲੋਂ ਆਪਣੀ ਹੜਤਾਲ ਛੱਡ ਕੇ ਡਿਪਟੀ ਕਮਿਸ਼ਨਰ ਨੂੰ ਹਾਜਰੀ ਰਿਪੋਰਟ ਦੇ ਦਿੱਤੀ ਗਈ ਹੈ।
ਦੱਸ ਦੇਈਏ ਵਿਜੀਲੈਂਸ ਵੱਲੋਂ ਲੁਧਿਆਣਾ ਦੇ ਸਬ ਰਜਿਸਟਰਾਰ ਪੱਛਮੀ ਜਗਸੀਰ ਸਿੰਘ ਅਤੇ ਹੋਰਨਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਨੂੰ ਲੈ ਕੇ ਹੜਤਾਲ ਤੇ ਗਏ ਮਾਲ ਅਧਿਕਾਰੀਆਂ ਨੂੰ ਅੱਜ ਸ਼ਾਮ 5 ਵਜੇ ਤੱਕ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਹਾਜ਼ਰ ਨਾ ਹੋਣ ਦੀ ਸੂਰਤ ਵਿਚ ਇਨ੍ਹਾਂ ਹੜਤਾਲੀ ਤਹਿਸੀਲਦਾਰਾਂ ਨੂੰ ਮੁਅੱਤਲ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ । ਇਸ ਸੰਬੰਧੀ ਮਾਲ ਮਹਿਕਮੇ ਦੇ ਵਧੀਕ ਸਕੱਤਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਹੁਕਮ ਵਿਚ ਇਸ ਤੋਂ ਇਲਾਵਾ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਸਬ ਰਜਿਸਟਰਾਰਾਂ ਦੀ ਹੜਤਾਲ ਕਾਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲ ਵਲੋਂ ਰਜਿਸਟਰੀਆਂ ਕਰਨ ਦਾ ਕੰਮ ਸੁਪਰਡੈਂਟਾਂ ਅਤੇ ਕਾਨੂੰਗੋ ਨੂੰ ਸੌਂਪਿਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਦਫਤਰਾ ਵਿਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ।
ਅੰਮ੍ਰਿਤਸਰ ਤਿੰਨਾਂ ਤਹਿਸੀਲਾਂ ਚ ਨਵੇਂ ਤਹਿਸੀਲਦਾਰ ਨਿਯੁਕਤ
ਅੰਮ੍ਰਿਤਸਰ ‘ਚ ਤਹਿਸੀਦਾਰਾਂ ਤੇ ਸਬ ਰਜਿਸਟਰਾਰ ਵਲੋਂ ਕੀਤੀ ਹੜਤਾਲ ਉਪਰੰਤ ਕੰਮ-ਕਾਜ ਠੱਪ ਹੋਣ ਦਾ ਪ੍ਰਸ਼ਾਸਨ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸ਼ਾਹਨੀ ਵਲੋਂ ਰਜਿਸਟਰੇਸ਼ਨ ਕਰਨ ਲਈ ਅੰਮ੍ਰਿਤਸਰ ਦੀਆਂ ਵੱਖ-ਵੱਖ ਤਹਿਸੀਲਾਂ ਦੇ ਕਾਨੂੰਗੋਆਂ ਨੂੰ ਲਿਖਤੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿੰਨ੍ਹਾਂ ਵੱਲੋਂ ਕੰਮ ਚਲਾਊ ਤਿੰਨ ਨਵੇਂ ਸਬ ਰਜਿਸਟਰਾਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਸੰਜੀਵ ਦੇਵਗਨ ਸਦਰ ਕਾਨੂੰਗੋ ਨੂੰ ਸਬ ਰਜਿਸਟਰ 1, ਗੁਰਇਕਬਾਲ ਸਿੰਘ ਜਸਰਾਹੂਰ ਨੂੰ ਸਾਬ ਰਜਿਸਟਰ ਅੰਮ੍ਰਿਤਸਰ 2 ਅਤੇ ਰਾਜੇਸ਼ ਕੁਮਾਰ ਵੱਲਾ ਨੂੰ ਸਬ ਰਜਿਸਟਰ 3 ਦਾ ਚਾਰਜ ਦਿੱਤਾ ਗਿਆ ਹੈ।