ਚੰਡੀਗੜ੍ਹ, 28 ਫਰਵਰੀ -ਭਵਾਨੀਗੜ੍ਹ ਟਰੱਕ ਯੂਨੀਅਨ ’ਚ ਪੈਸਿਆਂ ਦਾ ਲੈਣ ਦੇਣ ਕਰਕੇ ਪ੍ਰਧਾਨ ਬਣਾਉਣ ਦੇ ਮਾਮਲੇ ’ਚ ਹਲਕਾ ਵਿਧਾਇਕ ਅਤੇ ਉਨ੍ਹਾਂ ਦੇ ਪਤੀ ਦਾ ਨਾਂਅ ਸਾਹਮਣੇ ਆਉਣਾ ਅਤੇ ਇੱਕ ਟਰੱਕ ਆਪਰੇਟਰ ਵੱਲੋਂ ਜਹਿਰੀਲੀ ਚੀਜ਼ ਨਿਗਲਕੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨਾ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟੋਲਰੈਂਸ ਨੀਤੀ ਉੱਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਹ ਵਿਚਾਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਗਏ।
ਖੰਨਾ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜੀਰੋ ਟੋਲਰੈਂਸ ਨੀਤੀ ਪੱਖਵਾਦੀ ਜੋ ਆਪਣੇ ਚਹੇਤੇ ਵਿਧਾਇਕਾਂ ਤੇ ਲਾਗੂ ਨਹੀਂ ਹੁੰਦੀ ਤੇ ਸਿਰਫ਼ ਛੋਟੇ ਮੁਲਾਜ਼ਮਾਂ ਤੱਕ ਸੀਮਿਤ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਮਨਜੀਤ ਕਾਕਾ ਵੱਲੋਂ ਵੀਡੀਓ ਨਸ਼ਰ ਕਰਕੇ ਸਿੱਧੇ ਤੌਰ ’ਤੇ 30 ਲੱਖ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਉਨ੍ਹਾਂ ਦੇ ਪਤੀ ਨਾਲ ਪ੍ਰਧਾਨਗੀ ਨੂੰ ਲੈਕੇ ਸੌਦੇਬਾਜ਼ੀ ਦੇ ਦੋਸ਼ ਲਗਾਏ ਹਨ ਤੇ ਵੀਡੀਓ ‘ਚ ਨਗਦੀ ਪਈ ਵੀ ਸਾਫ਼ ਦਿਖਾਈ ਦੇ ਰਹੀ ਹੈ
ਉਨ੍ਹਾਂ ਕਿਹਾ ਕਿ ਵਿਧਾਇਕ ਉੱਤੇ ਪਹਿਲਾਂ ਤੋਂ ਵੀ ਅਜਿਹੇ ਦੋਸ਼ ਲੱਗਦੇ ਹੀ ਆ ਰਹੇ ਹਨ ਤੇ ਆਮ ਜਨਤਾ ਤੱਕ ਵੀ ਉਨ੍ਹਾਂ ਸੰਪੰਤੀ ’ਚ ਵਾਧੇ ਅਤੇ ਵਿਦੇਸ਼ੀ ਟੂਰਾਂ ਤੋਂ ਹੈਰਾਨ ਹੈ। ਟਰੱਕ ਆਪਰੇਟਰ ਮਨਜੀਤ ਕਾਕਾ ਵੱਲੋਂ ਆਪਣੇ ਨਾਲ ਹੋਈ ਵਾਅਦਾ ਖਿਲਾਫ਼ੀ ਤੋਂ ਦੁਖੀ ਹੋਕੇ ਜਹਿਰੀਲੀ ਚੀਜ ਨਿਗਲਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਹਾਲੇ ਵੀ ਜੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ ਨੂੰ ਮਾਮਲਾ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਤੇ ਸਾਰੇ ਮਾਮਲੇ ਦੀ ਜਾਂਚ ਸੀਟਿੰਗ ਜੱਜ ਜਾਂ ਈ ਡੀ ਦੇ ਸਪੁਰਦ ਕਰਨੀ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਦੀ ਜਾਂਚ ਤੇ ਕਿਸੇ ਨੂੰ ਕੋਈ ਭਰੋਸਾ ਨਹੀਂ ਇਸ ਤੋਂ ਪਹਿਲਾਂ ਵੀ ਇਨ੍ਹਾਂ ਕਈ ਵਿਧਾਇਕ ਆਪਣੇ ਸਰਕਾਰੀ ਰਸੂਖ ਕਾਰਨ ਬਚ ਨਿਕਲੇ ਹਨ। ਮਾਨਸਾ ਤੋਂ ਵਿਧਾਇਕ ਵਿਜੈ ਸਿੰਗਲਾ ਦਾ ਮਾਮਲਾ ਵੀ ਸਭ ਦੇ ਸਾਹਮਣੇ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਵਿਧਾਇਕ ਅਕਸਰ ਹੀ ਆਪਣੇ ਲੀਡਰਾਂ ਦੀ ਵੱਖ ਵੱਖ ਅਹੁਦਿਆਂ ਲਈ ਮੱਦਦ ਕਰਦੇ ਹਨ ਪਰ ਇਸ ਲਈ ਕਿਸੇ ਕਿਸਮ ਦੀ ਲੁੱਟਬਾਜ਼ੀ ਸਰਾਸਰ ਗੈਰ ਕਾਨੂੰਨੀ ਹੈ।
ਖੰਨਾ ਨੇ ਕਿਹਾ ਕਿ ਵਿਧਾਇਕ ਭਰਾਜ ਮਨਜੀਤ ਕਾਕਾ ਨਾਲ ਪੈਸਿਆਂ ਵਾਲੀ ਵੀਡੀਓ ’ਚ ਦਿਖਾਈ ਦੇ ਰਹੇ ਗੁਰਪ੍ਰੀਤ ਸਿੰਘ ਨਦਾਮਪੁਰ ਤੋਂ ਵੀ ਪੱਲਾ ਝਾੜ ਰਹੇ ਹਨ ਹਲਕੇ ‘ਚ ਸਭਨੂੰ ਪਤਾ ਹੈ ਕਿ ਗੁਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਦਾ ਮੋਹਰੀ ਆਗੂ ਤੇ ਬਲਾਕ ਪ੍ਰਧਾਨ ਹੈ ਜੋ ਵਿਧਾਇਕ ਭਰਾਜ ਦਾ ਕਾਫ਼ੀ ਨਜ਼ਦੀਕੀ ਹੈ ਤੇ ਵਿਧਾਇਕ ਭਰਾਜ ਸ਼ਰੇਆਮ ਝੂਠ ਬੋਲ ਰਹੇ ਹਨ ਕਿ ਉਸਦਾ ਅਤੇ ਆਮ ਆਦਮੀ ਪਾਰਟੀ ਦਾ ਗੁਰਪ੍ਰੀਤ ਸਿੰਘ ਨਾਲ ਕੋਈ ਨਾਤਾ ਨਹੀਂ।