ਸਿੰਗਾਪੁਰ , 26 ਫਰਵਰੀ : ਸਿੰਗਾਪੁਰ ਦੇ ਇੱਕ ਹੋਟਲ ਵਿੱਚ ਇੱਕ ਸਾਬਕਾ ਬਾਊਂਸਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਪੰਜ ਲੋਕਾਂ ਨੂੰ ਦੋ ਤੋਂ ਤਿੰਨ ਸਾਲ ਦੀ ਕੈਦ ਅਤੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ।
ਸ਼੍ਰੀਧਰਨ ਏਲਾਂਗੋਵਨ ਨੂੰ 36 ਮਹੀਨੇ ਦੀ ਕੈਦ ਅਤੇ ਛੇ ਕੋੜੇ, ਮਨੋਜਕੁਮਾਰ ਵੇਲਯਨਾਥਮ ਨੂੰ 30 ਮਹੀਨੇ ਦੀ ਕੈਦ ਅਤੇ ਚਾਰ ਕੋੜੇ, ਸ਼ਸ਼ੀਕੁਮਾਰ ਪਕਿਰਸਾਮੀ ਨੂੰ 24 ਮਹੀਨੇ ਦੀ ਕੈਦ ਅਤੇ ਦੋ ਕੋੜੇ, ਪੁਥੇਨਵਿਲਾ ਕੀਥ ਪੀਟਰ ਨੂੰ 26 ਮਹੀਨੇ ਦੀ ਕੈਦ ਅਤੇ ਤਿੰਨ ਕੋੜੇ ਅਤੇ ਰਾਜਾ ਰਿਸ਼ੀ ਨੂੰ 30 ਮਹੀਨੇ ਦੀ ਕੈਦ ਅਤੇ ਚਾਰ ਕੋੜੇ ਦੀ ਸਜ਼ਾ ਸੁਣਾਈ ਗਈ।
ਇੱਕ ਨਿਊਜ਼ ਚੈੱਨਲ ਦੀ ਖ਼ਬਰ ਅਨੁਸਾਰ, ਇਨ੍ਹਾਂ ਸਾਰਿਆਂ ਨੇ 2023 ਵਿੱਚ ਸਿੰਗਾਪੁਰ ਦੇ ਕੌਨਕੋਰਡ ਹੋਟਲ ਅਤੇ ਸ਼ਾਪਿੰਗ ਮਾਲ ਵਿੱਚ ਦੰਗੇ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ।
ਸ਼੍ਰੀਧਰਨ (30), ਮਨੋਜ ਕੁਮਾਰ (32) ਅਤੇ ਸ਼ਸ਼ੀਕੁਮਾਰ (34) ਇੱਕ ਸਮੂਹ ਦੇ ਮੈਂਬਰ ਸਨ। ਇੱਕ ਹੋਰ ਵਿਅਕਤੀ, 30 ਸਾਲਾ ਅਸ਼ਵਿਨ ਪਚਨ ਪਿੱਲਈ ਸੁਕੁਮਾਰਨ ਉੱਤੇ ਪਹਿਲਾਂ ਵੀ ਕਤਲ ਦਾ ਆਰੋਪ ਲਗਾਇਆ ਗਿਆ ਸੀ, ਜਿਸ ਨੇ ਕਥਿਤ ਤੌਰ ਉੱਤੇ 29 ਸਾਲਾ ਸਾਬਕਾ ਬਾਊਂਸਰ ਮੁਹੰਮਦ ਇਸ਼ਰਤ ਮੁਹੰਮਦ ਇਸਮਾਈਲ ਦੀ ਹੱਤਿਆ ਕਰ ਦਿੱਤੀ ਸੀ।ਭਾਰਤੀ ਮੂਲ ਦੇ ਇਸ ਵਿਅਕਤੀ ਦਾ ਮਾਮਲਾ ਲੰਬਿਤ ਹੈ।
ਇਸ਼ਰਤ ਅਤੇ ਉਸ ਦਾ ਦੋਸਤ ਮੁਹੰਮਦ ਸ਼ਾਹਰੁਲ ਨਿਜ਼ਾਮ ਉਸਮਾਨ (30), ‘ਕਲੱਬ ਰੂਮਰਸ’ ਵਿੱਚ ਬਾਊਂਸਰ ਸਨ ਅਤੇ ਇੱਕ ਹੋਰ ਗੈਂਗ ਦੇ ਮੈਂਬਰ ਸਨ। 19 ਅਗਸਤ, 2023 ਨੂੰ, ਉਪਰੋਕਤ ਮੁਲਜ਼ਮਾਂ ਸਮੇਤ ਲਗਭਗ 10 ਵਿਅਕਤੀ ਕੌਨਕੋਰਡ ਹੋਟਲ ਅਤੇ ਸ਼ਾਪਿੰਗ ਮਾਲ ਦੇ ਕਲੱਬ ਰੂਮਰਸ ਵਿੱਚ ਸ਼ਰਾਬ ਪੀ ਰਹੇ ਸਨ, ਜਦੋਂ ਇਸ਼ਰਤ ਅਤੇ ਸ਼ਾਹਰੂਲ ਨਿਜ਼ਾਮ ਮੁਲਜ਼ਮਾਂ ਦੇ ਸਾਹਮਣੇ ਕਲੱਬ ਦੇ ਪ੍ਰਵੇਸ਼ ਦੁਆਰ ਕੋਲ ਬੈਠੇ ਸਨ। ਇਸ਼ਰਤ ਆਪਣੇ ਵਿਆਹ ਦਾ ਕਾਰਡ ਦੇਣ ਨਿਜ਼ਾਮ ਦੇ ਨਾਲ ਕਲੱਬ ਆਇਆ ਨਿਜ਼ਾਮ ਦੇ ਨਾਲ ਕਲੱਬ ਵਿੱਚ ਉਸਦੇ ਵਿਆਹ ਦਾ ਕਾਰਡ ਦੇਣ ਆਇਆ ਸੀ।
ਸਵੇਰੇ ਛੇ ਵਜੇ ਦੇ ਕਰੀਬ ਜਦੋਂ ਕਲੱਬ ਬੰਦ ਹੋ ਰਿਹਾ ਸੀ, ਤਾਂ ਇਸ਼ਰਤ ਅਤੇ ਮੁਲਜ਼ਮ ਵਿਚਕਾਰ ਬਹਿਸ ਹੋ ਗਈ। ਇਸ ਸਮੇਂ ਦੌਰਾਨ, ਸਾਬਕਾ ਬਾਊਂਸਰ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ, ਕਲੱਬ ਰੂਮਰਸ ਦੇ ਸਟਾਫ਼ ਨੇ ਇਸ਼ਰਤ ਲਈ ਐਂਬੂਲੈਂਸ ਬੁਲਾਈ। ਉਸ ਦੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਖੂਨ ਵਹਿਣ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।