ਅੰਮ੍ਰਿਤਸਰ, 17 ਫਰਵਰੀ : ਤੀਜੀ ਵਾਰ ਅਮਰੀਕਾ ਦਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੁੱਜਾ। ਇਸ ਤੋਂ ਪਹਿਲਾਂ, 15 ਫ਼ਰਵਰੀ ਨੂੰ 116 ਦੇ ਕਰੀਬ ਭਾਰਤੀ ਨਾਗਰਿਕ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਸਨ। ਇਨ੍ਹਾਂ ਵਿੱਚ ਮਹਿਲਾਵਾਂ, ਮਰਦ ਤੇ ਬੱਚੇ ਵੀ ਸ਼ਾਮਲ ਹਨ। ਡਿਪੋਰਟ ਹੋ ਕੇ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਇਨ੍ਹਾਂ ਭਾਰਤੀਆਂ ਦੀ ਏਜੰਸੀਆਂ ਵਲੋਂ ਜਾਂਚ-ਪੜਤਾਲ ਕੀਤੀ ਗਈ ਅਤੇ ਲੋੜੀਂਦੀ ਪੁੱਛਗਿੱਛ ਵੀ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਨੂੰ ਰਵਾਨਾ ਕੀਤਾ ਗਿਆ।
ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ, 33 ਗੁਜਰਾਤ, 2 ਉੱਤਰ ਪ੍ਰਦੇਸ਼, 1 ਹਿਮਾਚਲ ਪ੍ਰਦੇਸ਼ ਅਤੇ 1 ਉੱਤਰਾਖੰਡ ਤੋਂ ਸਬੰਧਤ ਹਨ। ਹੁਣ ਤੱਕ ਕੁੱਲ 332 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।