ਚੰਡੀਗੜ੍ਹ, 17 ਫਰਵਰੀ- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਪਰਤੇ ਨੌਜਵਾਨਾਂ ਕਰਕੇ ਪੰਜਾਬ ਦੀ ਦਿੱਖ ਖ਼ਰਾਬ ਨਹੀਂ ਹੋਈ ਹੈ ਬਲਕਿ ਪੰਜਾਬ ਦੀਆਂ ਗਲਤ ਸਰਕਾਰੀ ਨੀਤੀਆਂ ਕਾਰਨ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸ਼ਰੇਆਮ ਖੁੱਲ੍ਹੀ ਵਿੱਕਰੀ ਅਤੇ ਚਿੱਟੇ ਦੀ ਓਵਰਡੋਜ਼ ਨਾਲ ਹੋ ਰਹੀ ਜਵਾਨ ਮੌਤਾਂ, ਬੇਰੋਜ਼ਗਾਰ ਨੌਕਰੀਆਂ ਲਈ ਭਟਕ ਰਹੇ ਹਨ, ਸੂਬੇ ਭਰ ਵਿਚ ਧਰਨੇ-ਪ੍ਰਦਰਸ਼ਨ, ਅਪਰਾਧ ਅਤੇ ਗੈਂਗਸਟਰ ਸੱਭਿਆਚਾਰ ਆਪਣੀ ਚਰਮ ਸੀਮਾ ਤੇ ਹੈ, ਜਿਸ ਕਾਰਨ ਸੂਬੇ ਦੇ ਬਿਗੜੇ ਹਾਲਾਤਾਂ ਬਾਰੇ ਪੰਜਾਬ ਦੀ ਦਿੱਖ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਖ਼ਰਾਬ ਹੋਈ ਹੈ।
ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਤੇ ਟਿੱਪਣੀ ਕਰਦਿਆਂ ਖੰਨਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਨੌਟੰਕੀਆਂ ਕਰਨ ਦਾ ਕੋਈ ਫਾਇਦਾ ਨਹੀਂ ਬਲਕਿ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਘਰ ਘਰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਸੀ ਉਸ ਨੇ ਪੰਜਾਬ ਵਿੱਚ ਹਰ ਕਿਸਮ ਦੀ ਭਰਤੀ ਤੇ ਰੋਕ ਲਗਾ ਕੇ ਆਪਣੇ ਦਾਅਵੇ ਦੀ ਹੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਪੰਜਾਬ ਵਿੱਚੋਂ ਲਗਾਤਾਰ ਬਾਹਰਲੇ ਸੂਬਿਆਂ ਵੱਲ ਜਾ ਰਹੀ ਇੰਡਸਟਰੀ ਨੂੰ ਰੋਕਣ ਲਈ ਉਨ੍ਹਾਂ ਨੇ ਕੀ ਯਤਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਨੌਕਰੀ ਨੂੰ ਤਰਸ ਰਹੇ ਹਨ ਪਰ ਸਰਕਾਰ ਨੇ ਤੁਗਲਕੀ ਫਰਮਾਨ ਜਾਰੀ ਕਰਕੇ ਭਰਤੀ ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਸਰਕਾਰ ਅਜਿਹੀਆਂ ਨੀਤੀਆਂ ਬਣਾਏਗੀ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵਾਪਸ ਪੰਜਾਬ ਆ ਕੇ ਰੋਜ਼ਗਾਰ ਹਾਸਿਲ ਕਰਨਗੇ. ਪਰ ਅਸਲ ਹਾਲਾਤ ਲੋਕਾਂ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਨੂੰ ਜੇਕਰ ਵਿਦੇਸ਼ੋਂ ਪਰਤੇ ਨੌਜਵਾਨਾਂ ਨਾਲ ਸੱਚਮੁੱਚ ਹਮਦਰਦੀ ਹੈ ਤਾਂ ਉਹ ਇੰਨ੍ਹਾਂ ਲਈ ਘੱਟੋ ਘੱਟ ਪ੍ਰਾਈਵੇਟ ਖੇਤਰ ਵਿੱਚ ਹੀ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ, ਤਾਂ ਜੋ ਉਨਾਂ ਸਿਰ ਚੜੇ ਕਰਜੇ ਨੂੰ ਉਤਾਰਨ ਦਾ ਕੋਈ ਠੋਸ ਯਤਨ ਹੋ ਸਕੇ।
ਉਨ੍ਹਾਂ ਕਿਹਾ ਕਿ ਸਿਰਫ਼ ਮਗਰਮੱਛੀ ਹੰਝੂ ਵਹਾਉਣ ਦਾ ਡਰਾਮਾ ਕਰਕੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਬਲਕਿ ਇਸ ਲਈ ਗੰਭੀਰਤਾ ਨਾਲ ਫ਼ੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹਨ।