ਸੈਕਰਾਮੈਂਟੋ,ਕੈਲਫੋਰਨੀਆ (ਹੁਸਨ ਲੜੋਆ ਬੰਗਾ)-ਸਾਂਸਦ ਥਾਨੇਦਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਤੋਂ ਪਹਿਲਾਂ ਟੈਕਸ ਦੇ ਮੁੱਦੇ ਨੂੰ ਉਭਾਰਦਿਆਂ ਕਿਹਾ ਹੈ ਕਿ ਵਪਾਰ, ਦੁਪਾਸੜ ਸਬੰਧ ਤੇ ਪ੍ਰਵਾਸ ਪ੍ਰਮੁੱਖ ਮੁੱਦੇ ਹਨ ਜਿਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਥਾਨੇਦਾਰ ਨੇ ਕਿਹਾ ਕਿ ਇਹ ਬਹੁਤ ਉਤਸੁਕਤਾ ਵਾਲਾ ਸਮਾਂ ਹੈ,
ਪ੍ਰਧਾਨ ਮੰਤਰੀ ਮੋਦੀ ਤੇ ਡੋਨਾਲਡ ਟਰੰਪ ਇਸ ਤੋਂ ਪਹਿਲਾਂ ਦੋ ਵਾਰ ਮਿਲ ਚੁੱਕੇ ਹਨ, ਮੈ ਹੁਣ ਇਸ ਮੀਟਿੰਗ ਤੋਂ ਆਸਵੰਦ ਹਾਂ ਜਿਸ ਵਿਚ ਕੁਝ ਅਹਿਮ ਮੁੱਦਿਆਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਟੈਕਸ, ਆਪਸੀ ਸਬੰਧ , ਵਣਜ ਤੇ ਪ੍ਰਵਾਸ ਅਹਿਮ ਹਨ। ਮੈ ਆਸ ਕਰਦਾ ਹਾਂ ਕਿ ਇਨਾਂ ਮੁੱਦਿਆਂ ਬਾਰੇ ਗੱਲ ਕੀਤੀ ਜਾਵੇਗੀ ਤੇ ਫੈਸਲਾ ਲਿਆ ਜਾਵੇਗਾ । ਜਦੋਂ ਪੁੱਛਿਆ ਗਿਆ ਕਿ ਕੀ
ਮੀਟਿੰਗ ਦੌਰਾਨ ਬੰਗਲਾਦੇਸ਼ ਦੇ ਮੁੱਦੇ 'ਤੇ ਵੀ ਵਿਚਾਰ ਹੋ ਸਕਦੀ ਹੈ ਤਾਂ ਸ੍ਰੀ ਥਾਨੇਦਾਰ ਨੇ ਕਿਹਾ ਮੈਨੂੰ ਆਸ ਹੈ ਕਿ ਅਜਿਹਾ ਹੋਵੇਗਾ।
ਉਨਾਂ ਕਿਹਾ ਰਾਸ਼ਟਰਪਤੀ ਬਾਈਡਨ ਦੇ ਕਾਰਜਕਾਲ ਵੇਲੇ ਵਿਦੇਸ਼ ਵਿਭਾਗ ਨੇ ਬੰਗਲਾਦੇਸ਼ ਵਿਰੁੱਧ ਕੁਝ ਆਰਥਕ ਪਾਬੰਦੀਆਂ ਲਾਈਆਂ ਸਨ ਜਿਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦੇ ਪੁੱਤਰ ਧਰੁਵ ਜੈਸ਼ੰਕਰ ਕਾਰਜਕਾਰੀ ਡਾਇਰੈਕਟਰ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਅਮੈਰਿਕਾ ਕਹਿ ਚੁੱਕੇ ਹਨ ਕਿ ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਟਕਰਾਅ ਰੋਕਣ ਲਈ ਸਮਝੌਤਾ ਹੋਣਾ ਜਰੂਰੀ ਹੈ। ਉਨਾਂ ਕਿਹਾ ਕਿ ਭਾਰਤ ਸਟੀਲ ਦਾ ਪ੍ਰਮੁੱਖ ਉਤਪਾਦਕ ਹੈ ਇਸ ਲਈ ਟਕਰਾਅ ਸੰਭਵ ਹੈ। ਜਿਕਰਯੋਗ ਹੈ ਕਿ ਟਰੰਪ ਸਟੀਲ ਦਰਾਮਦ ਉਪਰ 25% ਟੈਕਸ ਲਾਉਣ ਦਾ ਐਲਾਨ ਕਰ ਚੁੱਕੇ ਹਨ। ਜੈਸ਼ੰਕਰ ਨੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੇ ਮੁੱਦੇ ਨੂੰ ਵੀ ਹੱਲ ਕਰਨ ‘ਤੇ ਜੋਰ ਦਿੱਤਾ ਹੈ।