ਬਠਿੰਡਾ, 8 ਫਰਵਰੀ (ਵੀਰਪਾਲ ਕੌਰ)- ਝੂਠ ਤੇ ਭ੍ਰਸ਼ਟਾਚਾਰ ਦੀ ਰਾਜਨੀਤੀ ਦਾ ਦਿੱਲੀ ਚ ਅੰਤ ਹੋ ਗਿਆ ਤੇ ਹੁਣ ਵਾਰੀ ਪੰਜਾਬ ‘ਚ ਫਰਜੀ ਇਨਕਲਾਬੀਆਂ ਦੀ ਹੈ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਦਿੱਲੀ ਚ ਭਾਜਪਾ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਤੰਜ ਕਸਦਿਆ ਕੀਤਾ ।
ਮਲੂਕਾ ਨੇ ਕਿਹਾ ਦੇਸ਼ ਚ ਬਦਲਾਅ ਤੇ ਵੱਖਰੀ ਰਾਜਨੀਤੀ ਤੇ ਇਮਾਨਦਾਰੀ ਦੇ ਮਖੌਟੇ ਸਹਾਰੇ ਕੇਜਰੀਵਾਲ ਨੇ ਲੰਮਾ ਸਮਾਂ ਲੋਕਾਂ ਨੂੰ ਗੁੰਮਰਾਹ ਕੀਤਾ, ਪਰ ਝੂਠ ਦੀ ਰਾਜਨੀਤੀ ਦਾ ਅੰਤ ਇਹੀ ਹਸ਼ਰ ਤਹਿ ਸੀ। ਕੇਜਰੀਵਾਲ ਨੇ ਭੱਤੇ, ਗੱਡੀਆਂ, ਕੋਠੀਆਂ ਨਾ ਲੈਣ ਤੇ ਵੀ ਆਈ ਪੀ ਕਲਚਰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ। ਸੱਤਾ ਤੇ ਕਾਬਿਜ ਹੁੰਦਿਆ ਹੀ ਸਾਰੇ ਦਾਅਵੇ ਹਵਾ ਹੋ ਗਏ। ਲੋਕਾਂ ਨੂੰ ਸਿਹਤ ਤੇ ਸਿਖਿਆ ਸਹੂਲਤਾਂ ਦੇ ਦਾਅਵੇ ਵੀ ਇਸ਼ਤਿਹਾਰਾਂ ਤੱਕ ਸੀਮਤ ਰਹੇ। ਇਸ ਤੋਂ ਇਲਾਵਾ ਸ਼ਰਾਬ ਘੁਟਾਲੇ ਤੇ ਹੋਰ ਕਈ ਘੁਟਾਲਿਆਂ ‘ਚ ਕੇਜਰੀਵਾਲ ਤੇ ਉਸਦੇ ਸਾਥੀਆਂ ਦੀ ਸ਼ਮੂਲੀਅਤ ਨਾਲ ਅਖੌਤੀ ਇਮਾਨਦਾਰੀ ਬੇਨਕਾਬ ਹੋ ਗਈ। ਦਿੱਲੀ ‘ਚ ਸੜਕਾਂ ਪਾਣੀ ਦੀ ਸਪਲਾਈ ਤੇ ਸੀਵਰੇਜ ਦੇ ਮੰਦੇ ਹਾਲ ਤੋਂ ਲੋਕ ਪਰੇਸ਼ਾਨ ਸਨ।
ਦਿੱਲੀ ਦੇ ਲੋਕ ਹੁਣ ਅਸਲ ਬਦਲਾਅ ਚਾਹੁੰਦੇ ਸਨ। ਦਿੱਲੀ ਵਾਸੀ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ‘ਚ ਹੋ ਰਹੇ ਵਿਕਾਸ ਤੋਂ ਪ੍ਰਵਾਭਿਤ ਹੋ ਕੇ ਇਸ ਵਾਰ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਸਨ। ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬਕਾ ਸਾਥ ਸਬਕਾ ਵਿਕਾਸ ਦੀ ਵਿਚਾਰਧਾਰਾ ਤੇ ਮੋਹਰ ਲਾਈ ਹੈ। ਦਿੱਲੀ ਦੇ ਫਰਜ਼ੀ ਵਿਕਾਸ ਮਾਡਲ ਨੂੰ ਪ੍ਰਚਾਰ ਕੇ ਪੰਜਾਬ ‘ਚ ਆਪ ਨੇ ਸੱਤਾ ਹਾਸਿਲ ਕੀਤੀ ਸੀ। ਪੰਜਾਬ ਸਰਕਾਰ ਦਾ ਹਰ ਫ਼ਰੰਟ ‘ਤੇ ਫੇਲ੍ਹ ਹੋਣਾ ਵੀ ਦਿੱਲੀ ਚੋਣਾ ‘ਚ ਆਪ ਦੀ ਹਾਰ ਦਾ ਵੱਡਾ ਕਾਰਨ ਰਿਹਾ। ਦਿੱਲੀ ਚ ਭਾਜਪਾ ਦੀ ਜਿੱਤ ‘ਚ ਹਰ ਵਰਗ ਦਾ ਯੋਗਦਾਨ ਰਿਹਾ ।
ਮਲੂਕਾ ਨੇ ਕਿਹਾ ਕਿ ਦਿੱਲੀ ਤੋ ਬਾਅਦ ਹੁਣ ਪੰਜਾਬ ‘ਚ ਵੀ ਕਮਲ ਖਿਲੇਗਾ । ਇਸ ਮੌਕੇ ਗੁਰਜੀਤ ਸਿੰਘ ਗੋਰਾ ਦਿਉਣ, ਬੂਟਾ ਭਾਈਰੂਪਾ, ਚਰਨਜੀਤ ਬਰਾੜ ,ਨਿਰਦੇਵ ਭਾਈਰੂਪਾ, ਸਿਕੰਦਰ ਹਰਰਾਏਪੁਰ , ਅਮਰਜੀਤ ਭੁੱਲਰ ,ਨਵਲ ਗੋਇਲ, ਰਾਜਵੀਰ ਸਿੱਧੂ ,ਮਨਦੀਪ ਸ਼ਰਮਾ ਮਲੂਕਾ ,ਨਵੀਂ ਮਾਨ, ਜੱਸਾ ਭੁੱਚੋ ਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਭਾਜਪਾ ਦੀ ਜਿੱਤ ਦੀ ਸਮੁੱਚੀ ਜਥੇਬੰਦੀ ਨੂੰ ਵਧਾਈ ਦਿੱਤੀ।