ਨਵੀਂ ਦਿੱਲੀ, 5 ਫਰਵਰੀ-ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ‘ਚੋਂ ਪੰਜਾਬ ਨਾਲ ਸੰਬੰਧਤ ਨੌਜਵਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਇਨ੍ਹਾਂ ਬਾਰੇ ਪੂਰਾ ਦੱਸਿਆ ਗਿਆ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਰਹਿਣ ਵਾਲਿਆਂ ਵਿਰੁੱਧ ਕੀਤੀ ਕਾਰਵਾਈ ਤਹਿਤ 205 ਭਾਰਤੀ ਪਰਵਾਸੀਆਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਤਾਰਿਆ ਗਿਆ ਹੈ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਵਿਚ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਹਰਦੋਰਵਾਲ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਦਾ ਇੱਕ ਨੌਜਵਾਨ ਵੀ ਸ਼ਾਮਿਲ ਹੈ।
ਇਹਨਾਂ ਨੌਜਵਾਨਾਂ ਵਿੱਚ ਕਪੂਰਥਲਾ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹੈ। ਮੀਡੀਆ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਡਿਪੋਰਟ ਹੋਣ ਦੀ ਜਾਣਕਾਰੀ ਅੱਜ ਮਿਲੀ ਹੈ। ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਬੇਹੱਦ ਭਾਵੁਕ ਹੋ ਚੁੱਕਿਆ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਬਹੁਤ ਸਾਰੇ ਸੁਪਨੇ ਦੇਖੇ ਸਨ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ।
ਅਮਰੀਕਾ ਤੋਂ ਡਿਪੋਰਟ ਹੋ ਕੇ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ ਅੰਮ੍ਰਿਤਸਰ ਦੇ ਇਕ ਨੌਜਵਾਨ ਦੇ ਦਾਦਾ ਤੇ ਹੋਰ ਪਰਿਵਾਰਕ ਮੈਂਬਰ ਹਵਾਈ ਅੱਡੇ ਪਹੁੰਚੇ ਹਨ। ਨੌਜਵਾਨ ਦੇ ਦਾਦੇ ਨੇ ਭਰੇ ਮਨ ਨਾਲ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਮਨ੍ਹਾ ਕਰ ਦਿੱਤਾ। ਨੌਜਵਾਨ ਦੇ ਦਾਦੇ ਨੇ ਕਿਹਾ ਹੈ ਕਿ 15 ਦਿਨ ਪਹਿਲਾਂ ਮੇਰਾ ਪੋਤਰਾ ਅਜੈਦੀਪ ਗਿਆ ਸੀ। ਉਨ੍ਹਾਂ ਨੇਕਿਹਾ ਹੈ ਕਿ ਹੁਣ ਥਾਣੇ ਤੋਂ ਪੋਤਰਾ ਮਿਲੇਗਾ।
ਅੰਮ੍ਰਿਤਸਰ ਪਹੁੰਚੇ ਪਿੰਡ ਅਟਾਲੀ ਦੇ ਵਿਅਕਤੀ ਦੀ ਪਤਨੀ ਤੇ ਪਰਿਵਾਰ ਭੁੱਬਾਂ ਮਾਰ-ਮਾਰ ਰੋਈ। ਪਤਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਏਜੰਟਾਂ ਨੇ ਮੇਰੇ ਪਤੀ ਨੂੰ ਡੌਕੀ ਲਗਾਈ ਅਤੇ ਬਹੁਤ ਹੀ ਮਾੜੇ ਹਲਾਤਾਂ ਵਿਚ ਅਮਰੀਕਾ ਪਹੁੰਚਿਆ ਸੀ। ਕਈ -ਕਈ ਦਿਨ ਪਤੀ ਦਾ ਫੋਨ ਨਾ ਆਉਣ ’ਤੇ ਏਜੰਟ ਝੂਠੇ ਦਿਲਾਸੇ ਦਿੰਦਾ ਰਿਹਾ, ਪਰ ਫਿਰ ਵੀ ਅਸੀਂ ਚੁੱਪ ਰਹੇ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਕੋਈ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚ ਜਾਣਗੇ। ਪਤਨੀ ਨੇ ਕਿਹਾ ਕਿ ਅਸੀਂ 42 ਲੱਖ ਵਿਆਜ਼ ‘ਤੇ ਚੁੱਕ ਕੇ ਪਤੀ ਨੂੰ ਅਮਰੀਕਾ ਭੇਜਿਆ ਸੀ। 15 ਜਨਵਰੀ 2025 ਨੂੰ ਅਮਰੀਕਾ ਦਾ ਕੀਤਾ ਸੀ ਬਾਰਡਰ ਪਾਰ ਕੀਤਾ ਸੀ। ਪਤਨੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਧੋਖਾ ਕਰਨ ਵਾਲੇ ਏਜੰਟ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਨਾਂ ਵੀ ਪੈਸਾ ਲੱਗਿਆ ਹੈ ਉਹ ਵਾਪਸ ਕਰਵਾਇਆ ਜਾਵੇ।