ਅੰਮ੍ਰਿਤਸਰ, 5 ਫਰਵਰੀ : ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਥੋੜ੍ਹੀ ਦੇਰ ਵਿੱਚ, ਅਮਰੀਕੀ ਫੌਜੀ ਜਹਾਜ਼ ਸੀ-17 ਉਨ੍ਹਾਂ ਦੇ ਨਾਲ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਥਿਤ ਹਵਾਈ ਸੈਨਾ ਦੇ ਅੱਡੇ ‘ਤੇ ਉਤਰੇਗਾ। ਇਹ ਉਡਾਣ ਮੰਗਲਵਾਰ ਦੁਪਹਿਰ ਨੂੰ ਸੈਨ ਐਂਟੋਨੀਓ ਤੋਂ ਰਵਾਨਾ ਹੋਈ। ਇਸ ਸੂਚੀ ਵਿੱਚ ਹਰਿਆਣਾ ਦੇ 33, ਪੰਜਾਬ ਦੇ 30 ਅਤੇ ਚੰਡੀਗੜ੍ਹ ਦੇ 2 ਵਿਅਕਤੀ ਹਨ। ਇਸ ਤੋਂ ਇਲਾਵਾ ਕੁਝ ਪਰਿਵਾਰ ਵੀ ਹਨ। ਜਿਸ ਵਿੱਚ 2 ਤੋਂ 6 ਸਾਲ ਦੇ ਬੱਚੇ ਵੀ ਸ਼ਾਮਲ ਹਨ।
ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਵਾਪਸ ਆਉਣ ਵਾਲੇ ਭਾਰਤੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਹਵਾਈ ਅੱਡੇ ‘ਤੇ ਮੀਟਿੰਗ ਕੀਤੀ ਹੈ। ਹਵਾਈ ਅੱਡੇ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਦੇ ਨਾਲ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਕਿਸੇ ਵੀ ਗੈਰ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ |