ਬਠਿੰਡਾ, 5 ਫਰਵਰੀ(ਵੀਰਪਾਲ ਕੌਰ) : ਬੀਤੇ ਦਿਨ ਕੋਟਸ਼ਮੀਰ-ਰਾਮਾ ਰੋਡ ‘ਤੇ ਇਕ ਦਰਦਨਾਕ ਹਾਦਸੇ ਵਿਚ ਸਕੂਲ ਵੈਨ ਦੀ ਇਕ ਮਹਿਲਾ ਕੰਡਕਟਰ ਦੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਨੇ ਦਸਿਆ ਕਿ ਇਹ ਮਹਿਲਾ ਸਕੂਲ ਵੈਨ ਦੇ ਵਿਚ ਬੱਚਿਆਂ ਨੂੰ ਚੜ੍ਹਾ ਕੇ ਬਾਰੀ ਦੇ ‘ਚ ਖੜੀ ਸੀ ਅਚਾਨਕ ਜਦੋਂ ਡਰਾਈਵਰ ਨੇ ਵੈਨ ਅੱਗੇ ਤੋਰੀ ਤਾਂ ਖਿੜਕੀ ਖੁੱਲ੍ਹੀ ਹੋਣ ਕਾਰਨ ਉਹ ਅਪਣਾ ਸੰਤੁਲਨ ਗੁਆ ਬੈਠੀ ਤੇ ਵੈਨ ‘ਚੋ ਹੇਠਾਂ ਡਿੱਗ ਗਈ। ਬਦਕਿਸਮਤੀ ਨਾਲ, ਉਹ ਵੈਨ ਦੇ ਪਿਛਲੇ ਟਾਇਰ ਹੇਠਾਂ ਆ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਮਹਿਲਾ ਸੜਕ ਕਿਨਾਰੇ ਮ੍ਰਿਤਕ ਪਈ ਮਿਲੀ। ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ (45-50) ਪਤਨੀ ਪਾਲ ਸਿੰਘ ਵਜੋਂ ਹੋਈ ਹੈ। ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਡਾ. ਹਰਸ਼ਿਤ ਗੋਇਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਔਰਤ ਫਿਸਲ ਕੇ ਵੈਨ ਦੇ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਮ੍ਰਿਤਕ ਦੀ ਦੇਹ ਨੂੰ ਬਠਿੰਡਾ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।