ਬਠਿੰਡਾ , 5 ਫਰਵਰੀ : ਕਸਬਾ ਰਾਮਪੁਰਾ ਫੂਲ ਅਧੀਨ ਆਉਂਦੇ ਪਿੰਡ ਭਾਈ ਰੂਪਾ ਵਿਖੇ ਬੀਤੀ ਰਾਤ ਦੋ ਧਿਰਾਂ ’ਚ ਗੋਲ਼ੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲ਼ੀਬਾਰੀ ਦੌਰਾਨ ਸੱਤੀ ਭਾਈ ਰੂਪਾ ਦੀ ਮੌਤ ਹੋ ਗਈ ਹੈ। ਸੱਤੀ ਭਾਈ ਰੂਪਾ ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖੇ ਸਿਧਾਣੇ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਸੱਤੀ ਭਾਈ ਰੂਪਾ ਖਿਲਾਫ਼ ਕਈ ਮਾਮਲੇ ਦਰਜ ਹਨ। ਅੱਧੀ ਰਾਤ ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਦਿੰਦੇ ਐਸ ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਰਾਤ ਜਾਣਕਾਰੀ ਮਿਲੀ ਸੀ ਕਿ ਸਤਨਾਮ ਇਲਿਆਸ ਸੱਤੀ ਉਰਫ਼ ਓਵਰਸੀਸ ਅਤੇ ਉਸਦੇ ਗੁਆਂਢੀ ਗੁਰਤੇਜ ਚੰਦ ਜਿਹਨਾਂ ਦੀ ਆਪਸੀ ਲੜਾਈ ਹੋਈ ਸੀ ਦੋਵੇਂ ਧਿਰਾਂ ਵੱਲੋਂ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾਮ ਇਲੀਆਸ ਸੱਤੀ ਦੇ ਦੋ ਗੋਲੀਆਂ ਲੱਗੀਆਂ ਹਨ, ਜਿਸ ਦੀ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਹੈ। ਜਿਸਦੇ ਚੱਲਦੇ ਸਾਡੇ ਵੱਲੋ ਇਹਨਾਂ ਪਰਿਵਾਰਕ ਮੈਬਰ ਦੇ ਬਿਆਨ ਕਲਮ ਬੰਦ ਕਰ ਕਾਰਵਾਈ ਕਰ ਰਹੇ ਹਾਂ।
ਦੂਜੇ ਪਾਸੇ ਸੱਤੀ ਨੇ ਜਿਸ ਘਰ ’ਤੇ ਫ਼ਾਇਰ ਕੀਤੇ ਅਤੇ ਹਵਾਈ ਫ਼ਾਇਰ ਕੀਤੇ ਉਸ ’ਤੇ ਮਾਮਲਾ ਦਰਜ ਕਰ ਰਹੇ ਹਾਂ। ਸੱਤੀ ਖਿਲਾਫ਼ ਪਹਿਲਾ ਹੀ 4 ਤੋਂ 5 ਮੁਕਦਮੇ ਦਰਜ ਸਨ। ਇਸ ਗੋਲੀਬਾਰੀ ਦੌਰਾਨ ਮਾਰੇ ਗਏ ਗੈਂਗਸਟਰ ਸੱਤੀ ਭਾਈ ਰੂਪਾ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੁਰਦਾਘਰ ਲਿਆਂਦਾ ਗਿਆ ਹੈ।